ਵਾਸ਼ਿੰਗਟਨ : ਅਮਰੀਕਾ ਦੇ ਜੋਅ ਬਾਈਡਨ ਪ੍ਰਸ਼ਾਸਨ ਨੇ ਤਿੰਨ ਮਹੱਤਵਪੂਰਣ ਅਹੁਦਿਆਂ ’ਤੇ ਭਾਰਤੀਆਂ ਦੀ ਨਿਯੁਕਤੀ ਕੀਤੀ ਹੈ। ਬਾਈਡਨ ਪ੍ਰਸ਼ਾਸਨ ਨੇ ਸੋਨਾਲੀ ਨਿਝਾਵਨ ਨੂੰ ਕਮਿਊਨਿਟੀ ਪੱਧਰ ’ਤੇ ਕੰਮ ਕਰਨ ਵਾਲੇ ਸਰਕਾਰੀ ਸੰਗਠਨ ਅਮੇਰੀਕਾਰਪਸ ਦਾ ਡਾਇਰੈਕਟਰ ਬਣਾਇਆ ਹੈ। ਇਸੇ ਸੰਗਠਨ ਵਿਚ ਸ਼੍ਰੀ ਪ੍ਰੈਸਟਨ ਕੁਲਕਰਨੀ ਨੂੰ ਵਿਦੇਸ਼ੀ ਮਾਮਲਿਆਂ ਦਾ ਮੁਖੀ ਬਣਾਇਆ ਗਿਆ ਹੈ। ਰੋਹਿਤ ਚੋਪੜਾ ਨੂੰ ਕੰਜ਼ਿਊਮਰ ਫਾਇਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਦੇ ਪ੍ਰਮੁੱਖ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਅਮੇਰੀਕਾਰਪਸ ਨੇ ਬਿਆਨ ਜਾਰੀ ਕੀਤਾ ਹੈ ਕਿ ਨਿਝਾਵਨ ਅਤੇ ਕੁਲਕਰਨੀ ਜੋਅ ਬਾਈਡਨ ਪ੍ਰਸ਼ਾਸਨ ਦੀਆਂ ਯੋਜਨਾਵਾਂ ਨੂੰ ਮੂਰਤ ਰੂਪ ਦੇਣ ਵਿਚ ਸਹਿਯੋਗ ਕਰਨਗੇ। ਕੋਰੋਨਾ ਮਹਾਮਾਰੀ, ਆਰਥਿਕ ਵਿਵਸਥਾ ਨੂੰ ਚੰਗੀ ਸਥਿਤੀ ਵਿਚ ਲਿਆਉਣਾ, ਨਸਲੀ ਸਮਾਨਤਾ ਅਤੇ ਜਲਵਾਯੂ ਪਰਿਵਰਤਨ ਵਰਗੇ ਮੁੱਦਿਆਂ ’ਤੇ ਕੰਮ ਕਰਨ ਲਈ ਇਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਸ਼੍ਰੀ ਪ੍ਰੈਸਟਨ ਕੁਲਕਰਨੀ ਸਮਾਜਿਕ ਰੂਪ ਤੋਂ ਸਰਗਰਮ ਰਹਿੰਦੇ ਹਨ ਅਤੇ ਦੋ ਵਾਰ ਸੰਸਦ ਦੀ ਚੋਣ ਲੜ ਚੁੱਕੇ ਹਨ। ਇਨ੍ਹਾਂ ਨੂੰ ਸਮਾਜਿਕ ਜੀਵਨ ਦਾ ਲੰਬਾ ਅਨੁਭਵ ਹੈ ਅਤੇ 14 ਸਾਲ ਵਿਦੇਸ਼ ਸੇਵਾ ਵਿਚ ਅਫਸਰ ਰਹੇ ਹਨ। ਅੰਤਰਰਾਸ਼ਟਰੀ ਮਸਲਿਆਂ ’ਤੇ ਉਨ੍ਹਾਂ ਦਾ ਚੰਗਾ ਗਿਆਨ ਹੈ। ਸੋਨਾਲੀ ਨਿਝਾਵਨ ਨੂੰ ਵੀ ਕਮਿਊਨਿਟੀ ਪੱਧਰ ’ਤੇ ਕੰਮ ਕਰਨ ਦਾ ਲੰਬਾ ਅਨੁਭਵ ਹੈ। ਉਨ੍ਹਾਂ ਨੇ ਛੇ ਸਾਲ ਸਟੋਕਟਨ ਸਰਵਿਸ ਕਾਰਪਸ ਵਿਚ ਕਾਰਜਕਾਰੀ ਡਾਇਰੈਕਟਰ ਦੇ ਰੂਪ ਵਿਚ ਕੰਮ ਕੀਤਾ ਹੈ। ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਰਹੀਆਂ ਹਨ। ਉਧਰ, ਰੋਹਿਤ ਚੋਪੜਾ ਨੂੰ ਜੋਅ ਬਾਇਡਨ ਪ੍ਰਸ਼ਾਸਨ ਨੇ ਕੰਜ਼ਿਊਮਰ ਫਾਇਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਦੇ ਪ੍ਰਮੁੱਖ ਅਹੁਦੇ ਲਈ ਨਾਮਜ਼ਦ ਕੀਤਾ ਹੈ। ਇਸ ਅਹੁਦੇ ’ਤੇ ਨਿਯੁਕਤੀ ਦੀ ਮੋਹਰ ਸੈਨੇਟ ਦੀ ਮਨਜ਼ੂਰੀ ਪਿੱਛੋਂ ਲੱਗੇਗੀ। ਚੋਪੜਾ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ। ਚੋਪੜਾ ਅਮਰੀਕਾ ਦੇ ਸਿੱਖਿਆ ਵਿਭਾਗ ਵਿਚ ਵਿਸ਼ੇਸ਼ ਸਲਾਹਕਾਰ ਦੇ ਰੂਪ ਵਿਚ ਕੰਮ ਕਰ ਚੁੱਕੇ ਹਨ।