ਬਾਬੂ ਰਾਮ ਸਰਕਾਰੀ ਦਫ਼ਤਰ ’ਚ ਕਲਰਕ ਹਨ। ਚੰਗੀ ਤਨਖ਼ਾਹ ਤੇ ਖ਼ੁਸ਼ਹਾਲ ਪਰਵਾਰ ਹੈ। ਪਿਛਲੇ ਛੇ ਮਹੀਨਿਆਂ ਤੋਂ ਉਸ ਦੀ ਕੋਠੀ ਦਾ ਕੰਮ ਚੱਲ ਰਿਹਾ ਹੈ। ਉਸ ਨੇ ਦੋ ਮਜ਼ਦੂਰ ਪੱਕੇ ਰੱਖੇ ਹੋਏ ਹਨ। ਅੱਜ ਸਵੇਰੇ ਦੋਹਾਂ ਮਜ਼ਦੂਰਾਂ ਵਿਚੋਂ ਇਕ ਥੋੜ੍ਹਾ ਜਿਹਾ ਲੇਟ ਹੋ ਗਿਆ ਤਾਂ ਬਾਬੂ ਰਾਮ ਨੇ ਉਸ ਨੂੰ ਆਉਂਦੇ ਨੂੰ ਸਿਰ ’ਤੇ ਚੁਕ ਲਿਆ, ‘ਕਿਉਂ ਬਈ, ਤੈਨੂੰ ਪੈਸੇ ਨਹੀਂ ਮਿਲਦੇ, ਸ਼ਰਮ ਲਾਹ ਰੱਖੀ ਹੈ, ਅੱਜ ਜਿੰਨਾ ਲੇਟ ਆਇਐਂ, ਉਨਾ ਲੇਟ ਜਾਵੀਂ’---ਮਜ਼ਦੂਰ ਸਤਿਬਚਨ ਕਹਿ ਕੇ ਕੰਮ ’ਤੇ ਲੱਗ ਗਿਆ। ਇੰਨੇ ਨੂੰ ਲਾਗੇ ਰਸੋਈ ’ਚ ਕੰਮ ਕਰਦੀ ਉਸ ਦੀ ਪਤਨੀ ਨੇ ਆਵਾਜ਼ ਮਾਰ ਦਿਤੀ, ‘ਇਨ੍ਹਾਂ ਨਾਲ ਉਲਝੇ ਪਏ ਹੋਂ, ਰੋਟੀ ਖਾ ਲਉ, ਨਹੀਂ ਤਾਂ ਦਫ਼ਤਰੋਂ ਲੇਟ ਹੋ ਜਾਉਂਗੇ’---‘ਖਾ ਲੈਂਦਾਂ, ਕਿਹੜਾ ਫਾਹਾ ਪੈ ਜਾਊਗਾ, ਜੇ ਅੱਧਾ ਘੰਟਾ ਲੇਟ ਚਲਿਆ ਗਿਆ--ਹੈਡ ਨੇ ਬੁਰੜ-ਬੁਰੜ ਕਰੀ ਜਾਣੈ’--ਬਾਬੂ ਰਾਮ ਦੀ ਗੱਲ ਸੁਣ ਕੇ ਉਸ ਦੀ ਪਤਨੀ ਤੇ ਮਜ਼ਦੂਰ ਹੈਰਾਨ ਹੋ ਗਏ ਕਿ ਉਸ ਦੀ ਕਹਿਣੀ ਤੇ ਕਰਨੀ ’ਚ ਕਿੰਨਾ ਫ਼ਰਕ ਹੈ।
ਭੋਲਾ ਸਿੰਘ ‘ਪ੍ਰੀਤ’
85282-90077