ਨਵਾਂਸ਼ਹਿਰ : ਜ਼ਿਲੇ ਵਿਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਤਾਇਨਾਤ ਜਨਰਲ ਆਬਜ਼ਰਵਰ ਡੀ. ਪੀ. ਐਸ ਖਰਬੰਦਾ, ਆਈ. ਏ. ਐਸ ਨੇ ਅੱਜ ਨਗਰ ਕੌਂਸਲ ਰਾਹੋਂ ਅਤੇ ਬੰਗਾ ਦੇ ਗਿਣਤੀ ਕੇਂਦਰਾਂ ਦਾ ਜਾਇਜ਼ਾ ਲਿਆ ਅਤੇ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤਮਈ ਚੋਣਾਂ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਕਿ ਨਿਰਪੱਖ ਅਤੇ ਸ਼ਾਂਤਮਈ ਚੋਣ ਪ੍ਰਕਿਰਿਆ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਣੀ ਚਾਹੀਦੀ। ਉਨਾਂ ਕਿਹਾ ਕਿ ਉਹ ਸਮੁੱਚੀ ਚੋਣ ਪ੍ਰਕਿਰਿਆ ’ਤੇ ਪੂਰੀ ਨਿਗਰਾਨੀ ਰੱਖਣਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਚੋਣਾਂ ਨਾਲ ਜੁੜਿਆ ਸਮੁੱਚਾ ਅਮਲਾ ਆਪਣੀ ਡਿਊਟੀ ਜਿੰਮੇਵਾਰੀ ਅਤੇ ਬਿਨਾਂ ਕਿਸੇ ਪੱਖਪਾਤ ਦੇ ਨਿਭਾਏ। ਉਨਾਂ ਕਿਹਾ ਕਿ ਚੋਣ ਪ੍ਰਕਿਰਿਆ ਨਾਲ ਜੁੜਿਆ ਹਰੇਕ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਨੂੰ ਪੂਰੀ ਮੁਸਤੈਦੀ ਅਤੇ ਤਨਦੇਹੀ ਨਾਲ ਨਿਭਾਵੇ, ਤਾਂ ਜੋ ਚੋਣ ਪ੍ਰਕਿਰਿਆ ਨੂੰ ਬਿਨਾਂ ਕਿਸੇ ਅੜਚਣ ਦੇ ਵਧੀਆ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਗੁਰੂੁ ਨਾਨਕ ਕਾਲਜ ਬੰਗਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਦੇ ਦੌਰੇ ਦੌਰਾਨ ਕ੍ਰਮਵਾਰ ਰਿਟਰਨਿੰਗ ਅਫ਼ਸਰ-ਕਮ-ਐਸ. ਡੀ. ਐਮ ਬੰਗਾ ਵਿਰਾਜ ਤਿੜਕੇ ਅਤੇ ਰਿਟਰਨਿੰਗ ਅਫ਼ਸਰ ਰਾਹੋਂ-ਕਮ-ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲਾ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਹੋਰ ਸਿਵਲ ਅਤੇ ਪੁਲਿਸ ਅਧਿਕਾਰੀ ਉਨਾਂ ਦੇ ਨਾਲ ਸਨ।