Saturday, November 23, 2024
 

ਚੰਡੀਗੜ੍ਹ / ਮੋਹਾਲੀ

ਐਲ.ਈ.ਡੀ ਲਾਈਟਾਂ ਨਾਲ ਲੈਸ ਮੁਹਾਲੀ ਉੱਤਰੀ ਭਾਰਤ ਦਾ ਪਹਿਲਾ ਸ਼ਹਿਰ: ਕੁਲਵੰਤ ਸਿੰਘ

February 11, 2021 07:04 PM

-ਕਾਂਗਰਸੀ ਆਗੂਆਂ ਦੀ ਧੱਕੇਸ਼ਾਹੀ ਦਾ ਜਵਾਬ ਮੁਹਾਲੀ ਦੇ ਲੋਕ ਅਜ਼ਾਦ ਗਰੁੱਪ ਨੂੰ ਜਿਤਾ ਕੇ ਦੇਣਗੇ: ਹਰਪਾਲ ਚੰਨਾ
-ਨਵੀਂ ਸੀਵਰੇਜ਼ ਪਾਈਪ ਲਾਈਨ ਨਾਲ ਸ਼ਹਿਰ ਵਾਸੀਆਂ ਨੂੰ 50 ਤੋਂ 100 ਸਾਲ ਤੱਕ ਨਹੀਂ ਆਵੇਗੀ ਕੋਈ ਪਰੇਸ਼ਾਨੀ
-ਮੁਹਾਲੀ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਵਾਂਗੇ

ਐਸ.ਏ.ਐਸ ਨਗਰ, ਮੁਹਾਲੀ, 11 ਫ਼ਰਵਰੀ ()- ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਵੱਲੋਂ ਅੱਜ ਮਟੌਰ ਵਿਖੇ ਚੋਣ ਮੀਟਿੰਗ ਕੀਤੀ ਗਈ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ. ਕੁਲਵੰਤ ਸਿੰਘ ਨੇ ਕਿਹਾ ਕਿ ਅਜ਼ਾਦ ਗਰੁੱਪ ਦਾ ਮੁੱਖ ਮਕਸਦ ਜਿੱਤਣ ਉਪਰੰਤ ਐਸ.ਏ.ਐਸ ਨਗਰ ਨੂੰ ਦੇਸ਼ ਦਾ ਸਭ ਤੋਂ ਖ਼ੂਬਸੂਰਤ ਸ਼ਹਿਰ ਬਣਾਉਣਾ ਹੈ। ਉਹਨਾਂ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਉੱਤਰੀ ਭਾਰਤ ਦਾ ਪਹਿਲਾ ਅਜਿਹਾ ਸ਼ਹਿਰ ਹੈ ਜੋ ਐਲ.ਈ.ਡੀ ਲਾਈਟਾਂ ਨਾਲ ਪੂਰੀ ਤਰਾਂ ਲੈਸ ਹੈ ਅਤੇ ਮੁਹਾਲੀ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਸਫਾਈ ਸੰਬੰਧੀ ਕੋਈ ਸ਼ਿਕਾਇਤ ਨਹੀਂ ਆਈ। ਉਹਨਾਂ ਕਿਹਾ ਕਿ ਪਿਛਲੇ 5 ਸਾਲਾਂ ਦੇ ਕਾਰਜਕਾਲ ਦੌਰਾਨ ਉਹਨਾਂ ਨੇ ਮੁਹਾਲੀ ਵਾਸੀਆਂ ਲਈ ਪਰੇਸ਼ਾਨੀ ਦਾ ਕਾਰਨ ਬਣੇ ਸੀਵਰੇਜ਼ ਦੀ ਮੁਸ਼ਕਿਲ ਨੂੰ ਹੱਲ ਕਰਦਿਆਂ ਜਨਰਲ ਹਾਊਸ ਦੀ ਪਹਿਲੀ ਮੀਟਿੰਗ ਵਿੱਚ ਹੀ ਸ਼ਹਿਰ ਵਿੱਚ ਨਵੀਆਂ ਸੀਵਰੇਜ਼ ਪਾਈਪ ਲਾਈਨ ਪਾਉਣ ਨੂੰ ਮਨਜ਼ੂਰੀ ਦਿੱਤੀ ਸੀ। ਉਹਨਾਂ ਕਿਹਾ ਕਿ ਮੁਹਾਲੀ ਵਿੱੱਚ ਵਿਛਾਈ ਗਈ ਨਵੀਂ ਸੀਵਰੇਜ਼ ਲਾਈਨ ਨਾਲ 50 ਤੋਂ 100 ਸਾਲ ਤੱਕ ਸ਼ਹਿਰ ਵਾਸੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
ਸਾਬਕਾ ਮੇਅਰ ਸ. ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਨੌਜਵਾਨਾਂ ਦੀ ਸਿਹਤ ਦਾ ਖਿਆਲ ਰੱਖਦਿਆਂ ਮੁਹਾਲੀ ਸ਼ਹਿਰ ਦੇ ਸਾਰੇ ਵਾਰਡਾਂ ਦੀਆਂ ਪਾਰਕਾਂ ਵਿੱਚ ਓਪਨ ਏਅਰ ਜਿੰਮ ਬਣਵਾਏ ਹਨ, ਜੋ ਬਹੁਤ ਹੀ ਵਧੀਆ ਕੁਆਲਿਟੀ ਦੇ ਹਨ। ਇਸ ਤੋਂ ਇਲਾਵਾ ਬੱਚਿਆਂ ਦੇ ਖੇਡਣ ਲਈ ਪਾਰਕਾਂ ਵਿੱਚ ਬਹੁਤ ਵੀ ਵਧੀਆ ਕਿਸਮ ਦੇ ਝੂਲੇ ਲਗਾਏ ਗਏ ਹਨ। ਉਹਨਾਂ ਲੋਕਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹਨਾਂ ਦੀ ਟੀਮ ਜਿੱਤਣ ਉਪਰੰਤ ਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਵੇਗੀ।
ਇਸ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਕੌਂਸਲਰ ਅਤੇ ਅਜ਼ਾਦ ਗਰੁੱਪ ਦੇ ਆਗੂ ਹਰਪਾਲ ਸਿੰਘ ਚੰਨਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਜਵਾਬ ਮੁਹਾਲੀ ਦੇ ਲੋਕ ਅਜ਼ਾਦ ਗਰੁੱਪ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ, ਸਰਬਜੀਤ ਸਿੰਘ ਸਮਾਣਾ, ਆਮ ਆਦਮੀ ਪਾਰਟੀ ਦੀ ਆਗੂ ਪ੍ਰਭਜੋਤ ਕੌਰ, ਫੂਲਰਾਜ ਸਿੰਘ, ਡਾਕਟਰ ਖੁੱਲਰ, ਸ਼੍ਰੀ ਬਿੰਦ੍ਰਾ, ਸ਼੍ਰੀਮਤੀ ਪ੍ਰੀਤਮ ਕੌਰ ਘੁੰਮਣ, ਗੁਰਸ਼ਰਨ ਸਿੰਘ ਅਤੇ ਗੁਰਦਿਆਲ ਸਿੰਘ ਸੈਣੀ ਤੋਂ ਇਲਾਵਾ ਹੋਰ ਵੀ ਅਨੇਕਾਂ ਆਗੂ ਮੌਜੂਦ ਸਨ।

 

Have something to say? Post your comment

Subscribe