ਤੁਰਕੀ, (ਏਜੰਸੀ) : ਤੁਰਕੀ ਦੇਸ਼ ਦੇ ਦੱਖਣੀ ਹਿੱਸੇ ਵਿਚ ਅਚਾਨਕ ਇੱਕ ਰਹੱਸਮਈ ਮੋਨੋਲਿਥ ਦੇ ਦਿਖਣ ਨਾਲ ਹਰ ਕੋਈ ਹੈਰਾਨ ਹੈ। ਇਹ ਖੰਬਾ ਜਾਂ ਮੋਨੋਲਿਥ ਸਟੀਲ ਮੈਟਲ ਦਾ ਬਣਿਆ ਲੱਗਦਾ ਹੈ ਜੋ ਕਿ ਬੀਤੇ ਸ਼ਨੀਵਾਰ ਨੂੰ ਤੁਰਕੀ ਦੇ ਸੈਨਲਿਉਰਫ਼ਾ ਪ੍ਰਾਂਤ ਵਿੱਚ ਮਿਲਿਆ। ਮਿਲੀ ਜਾਣਕਾਰੀ ਅਨੁਸਾਰ, ਸਭ ਤੋਂ ਪਹਿਲਾਂ ਇਸ ਮੋਨੋਲਿਥ ਨੂੰ ਉਸ ਇਲਾਕੇ ਦੇ ਇੱਕ ਕਿਸਾਨ ਦੁਆਰਾ ਦੇਖਿਆ ਗਿਆ ਸੀ ਅਤੇ ਉਸ ਨੇ ਹੀ ਬਾਅਦ ਵਿੱਚ ਅਧਿਕਾਰੀਆਂ ਨੂੰ ਇਸਦੀ ਖਬਰ ਦਿੱਤੀ।
ਖਾਸ ਗੱਲ ਇਹ ਹੈ ਕਿ ਇਸ ਮੋਨੋਲਿਥ ਉੱਤੇ ਪ੍ਰਾਚੀਨ ਤੁਰਕੀ ਭਾਸ਼ਾ ਵਿੱਚ ਕੁੱਝ ਲਿਖਿਆ ਵੀ ਹੋਇਆ ਹੈ ਜਿਸਦਾ ਮਤਲਬ ਕੁੱਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ : ਆਕਾਸ਼ ਵੱਲ ਵੇਖ, ਚੰਦ ਨੂੰ ਵੇਖ
ਆਉਟਲੁਕ ਇੰਡੀਆ ਦੀ ਵੈੱਬਸਾਈਟ 'ਤੇ ਛਪੀ ਖਬਰ ਅਨੁਸਾਰ, ਇਹ ਮੋਨੋਲੀਥ ਕਰੀਬ 3 ਮੀਟਰ ਉੱਚਾ (ਲਗਭਗ 10 ਫੁੱਟ) ਹੈ ਅਤੇ ਯੂਨੈਸਕੋ ਦੁਆਰਾ ਸੁਰੱਖਿਅਤ ਕੀਤੀ ਵਿਸ਼ਵ ਧਰੋਹਰ ਸਾਈਟ ਦੇ ਨੇੜੇ ਮਿਲਿਆ ਹੈ ਜਿਸਦਾ ਨਾਮ ਗੋਬੇਕਲੀ ਟੇਪੇ ਹੈ। ਇਹ ਸੁਰੱਖਿਅਤ ਸਾਈਟ ਬੇਹੱਦ ਪ੍ਰਾਚੀਨ ਅਤੇ ਸਟੋਨਏਜ ਤੋਂ ਵੀ ਪੁਰਾਣੇ ਢਾਂਚਿਆਂ ਲਈ ਪ੍ਰਸਿੱਧ ਹੈ।
ਤੁਰਕੀ ਦੇ ਮੀਡੀਆ ਨੇ ਇਸ ਬਾਰੇ ਐਤਵਾਰ ਨੂੰ ਇੱਕ ਰਿਪੋਰਟ ਜਾਰੀ ਕੀਤੀ, ਜਿਸਦੇ ਅਨੁਸਾਰ ਮੋਨੋਲਿਥ ਵਾਲੀ ਥਾਂ ਦੇ ਨੇੜਲੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੋਨੋਲਿਥ ਨੂੰ ਉਸ ਜਗ੍ਹਾ ਲਿਆਉਣ ਜਾਂ ਰੱਖਣ ਦਾ ਕੋਈ ਸਬੂਤ/ਸੁਰਾਗ ਮਿਲ ਸਕੇ।
ਗੌਰਤਲਬ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਅਮਰੀਕਾ, ਰੋਮਾਨੀਆ ਆਦਿ ਸਮੇਤ ਕਈ ਥਾਵਾਂ 'ਤੇ ਅਜਿਹੇ ਰਹੱਸਮਈ ਮੋਨੋਲਿਥ ਦੇਖੇ ਗਏ ਹਨ। ਜਿਨ੍ਹਾਂ ਵਿੱਚੋਂ ਕਈ ਤਾਂ ਆਪਣੇ-ਆਪ ਗਾਇਬ ਵੀ ਹੋ ਗਏ ਸਨ। ਹਾਲੇ ਕੁੱਝ ਸਮਾਂ ਪਹਿਲਾਂ ਹੀ ਸਾਡੇ ਆਪਣੇ ਦੇਸ਼ ਭਾਰਤ ਤੇ ਅਹਿਮਦਾਬਾਦ ਸ਼ਹਿਰ ਵਿੱਚ ਵੀ ਕੁੱਝ ਇਹੋ ਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਸੀ। ਫਿਲਹਾਲ ਵਿਗਿਆਨੀ ਇਨ੍ਹਾਂ ਮੋਨੋਲਿਥਾਂ ਦੇ ਪਿੱਛੇ ਦਾ ਰਹੱਸ ਲੱਭਣ ਵਿੱਚ ਜੁਟੇ ਹੋਏ ਹਨ।