ਲੁਧਿਆਣਾ : ਲੋਕ ਸੰਗੀਤ ਗਾਇਕੀ ਅਤੇ ਗੀਤ ਸਿਰਜਣਾ ਦੇ ਖੇਤਰ ਵਿੱਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਪਾਲੀ ਦੇਤਵਾਲੀਆ ਨੂੰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2019 ਲਈ ਸ਼੍ਰੋਮਣੀ ਪੰਜਾਬੀ ਗਾਇਕ ਪੁਰਸਕਾਰ ਦੇਣ ਸਬੰਧੀ ਪੱਤਰ ਮਿਲਿਆ ਹੈ। ਇਸ ਪੁਰਸਕਾਰ ਵਿੱਚ ਪੰਜ ਲੱਖ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਤੇ ਦੋਸ਼ਾਲਾ ਭੇਂਟ ਕੀਤਾ ਜਾਵੇਗਾ।
ਪਾਲੀ ਦੇਤਵਾਲੀਆ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ:, ਗੁਰਭਜਨ ਗਿੱਲ ਨੇ ਦੱਸਿਆ ਕਿ 43 ਸਾਲ ਪਹਿਲਾਂ ਲੋਕ ਸੰਗੀਤ ਦੇ ਖੇਤਰ ਵਿੱਚ ਕਦਮ ਰੱਖਣ ਵਾਲੇ ਪਾਲੀ ਦੇਤਵਾਲੀਆ ਨੂੰ 1978 ਵਿਚ ਸੁਰਿੰਦਰ ਸ਼ਿੰਦਾ ਸੁਰਿੰਦਰ ਸੋਨੀਆ ਤੇ ਰਮੇਸ਼ ਰੰਗੀਲਾ ਸੁਦੇਸ਼ ਕਪੂਰ ਵਰਗੇ ਕਲਾਕਾਰਾਂ ਨੇ ਗੀਤ ਗਾ ਕੇ ਲੋਕ ਕਚਹਿਰੀ ਵਿੱਚ ਪੇਸ਼ ਕੀਤਾ। ਗੀਤਕਾਰੀ ਵਿੱਚ ਨਾਮਣਾ ਖੱਟਣ ਉਪਰੰਤ ਪਾਲੀ ਨੇ 1987 ਵਿਚ ਆਪਣੀ ਆਵਾਜ਼ ਨੂੰ ਲੋਕ ਪ੍ਰਵਾਨਗੀ ਲਈ ਰੀਕਾਰਡਿੰਗ ਰਾਹੀਂ ਪੇਸ਼ ਕੀਤਾ। ਲੋਕ ਸੰਪਰਕ ਵਿਭਾਗ ਵਿੱਚ ਰੁਜ਼ਗਾਰ ਕਾਰਨ ਉਸ ਨੂੰ ਅਨੇਕਾਂ ਸੰਗੀਤ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਮਿਲਿਆ।
ਉਸ ਦੇ ਸਮਕਾਲੀ ਗਾਇਕ ਜਸਵੰਤ ਸੰਦੀਲਾ ਨੇ ਦੱਸਿਆ ਹੈ ਕਿ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ਵਿੱਚ ਬੀ ਹਾਈ ਕਲਾਕਾਰ ਵਜੋਂ ਪਿਛਲੇ ਤੀਹ ਸਾਲ ਤੋਂ ਗਾਉਣ ਵਾਲੇ ਲੋਕ ਸੰਗੀਤਕਾਰ ਪਾਲੀ ਦੇਤਵਾਲੀਆ ਦੇ ਲਗਪਗ 450 ਗੀਤ ਵੱਖ ਵੱਖ ਕਲਾਕਾਰਾਂ ਦੀ ਆਵਾਜ਼ ਵਿੱਚ ਰੀਕਾਰਡ ਹੋ ਚੁਕੇ ਹਨ। ਉਨ੍ਹਾਂ ਦੀ ਆਪਣੀ ਆਵਾਜ਼ ਵਿਚ ਵੀ ਲਗ ਪਗ 450 ਗੀਤ ਰੀਕਾਰਡ ਹੋ ਚੁਕੇ ਹਨ ਜੋ ਵੱਖ ਵੱਖ ਕੰਪਨੀਆਂ ਨੇ 81 ਕੈਸਿਟਸ ਵਿੱਚ ਸ਼ਾਮਿਲ ਕੀਤੇ। ਪਾਲੀ ਦੇਤਵਾਲੀਆ ਹੁਣ ਤੀਕ 10 ਟੈਲੀਫ਼ਿਲਮਾਂ ਵਿੱਚ ਵੀ ਆਵਾਜ਼ ਦੇ ਚੁਕਾ ਹੈ। ਆਕਾਸ਼ਵਾਣੀ ਤੇ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਲਗ ਪਗ 125 ਤੋਂ ਵੱਧ ਵਾਰ ਪ੍ਰੋਗਰਾਮ ਪੇਸ਼ ਕਰ ਚੁਕੇ ਹਨ। ਦੇਸ਼ ਦੇ ਸੱਤ ਪ੍ਰਧਾਨ ਮੰਤਰੀਆਂ ਦੀ ਪੰਜਾਬ ਫੇਰੀ ਮੌਕੇ ਉਹ ਆਪਣੀ ਕਲਾ ਦਾ ਪ੍ਰਗਟਾਵਾ ਕਰ ਚੁਕੇ ਹਨ।