ਗਾਜ਼ਾ ਸਿਟੀ, (ਏਜੰਸੀ) : ਗਾਜ਼ਾ ਵਿਚ ਫ਼ਿਲਿਸਤੀਨ ਦੇ ਨੇਤਾ ਅੱਜ ਸੋਮਵਾਰ ਨੂੰ ਇਜ਼ਰਾਈਲ ਨਾਲ ਯੁੱਧਬੰਦੀ ਲਈ ਸਹਿਮਤ ਹੋ ਗਏ ਹਨ। ਗਾਜ਼ਾ ਪੱਟੀ ਵਿਚ ਹਮਾਸ ਦੇ ਇਕ ਅਧਿਕਾਰੀ ਅਤੇ ਇਸਲਾਮਿਕ ਜੇਹਾਦ ਦੇ ਇਕ ਹੋਰ ਅਧਿਕਾਰੀ ਨੇ ਅਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕਿ ਮਿਸਰ ਦੀ ਵਿਚੋਲਗੀ ਵਿਚ ਦੋਹਾਂ ਧਿਰਾਂ ਵਿਚਾਲੇ ਯੁੱਧਬੰਦੀ ਲਈ ਅੱਜ ਸਵੇਰੇ ਸਮਝੌਤਾ ਹੋ ਗਿਆ। ਮਿਸਰ ਦੇ ਇਕ ਅਧਿਕਾਰੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਇਸ ਦੌਰਾਨ ਇਜ਼ਰਾਈਲੀ ਹਮਲਿਆਂ ਵਿਚ ਮਰਨ ਵਾਲੇ ਫ਼ਿਲਿਸਤੀਨੀ ਨਾਗਰਿਕਾਂ ਦੀ ਗਿਣਤੀ ਵੱਧ ਕੇ 22 ਹੋ ਗਈ ਹੈ। ਇਨ੍ਹਾਂ ਮ੍ਰਿਤਕਾਂ ਵਿਚ ਦੋ ਗਰਭਵਤੀ ਔਰਤਾਂ ਅਤੇ ਦੋ ਬੱਚੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਗਾਜ਼ਾ ਵਿਚ ਐਤਵਾਰ ਦੀ ਸਵੇਰ ਇਜ਼ਰਾਈਲ 'ਤੇ ਰਾਕੇਟ ਸੁੱਟੇ ਗਏ ਸਨ ਜਿਸ ਦੇ ਜਵਾਬ ਵਿਚ ਇਜ਼ਰਾਈਲ ਨੇ ਗਾਜ਼ਾ ਪੱਟੀ 'ਤੇ ਹਵਾਈ ਹਮਲੇ ਕੀਤੇ ਸਨ। ਇਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਕਾਫ਼ੀ ਜ਼ਿਆਦਾ ਤਣਾਅ ਵੱਧ ਗਿਆ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੈ ਇਜ਼ਰਾਈਲ ਵਿਰੁਧ ਰਾਕੇਟ ਹਮਲਿਆਂ ਦੀ ਨਿੰਦਾ ਕਰਦੇ ਹੋਏ ਫ਼ਿਲਿਸਤੀਨ ਨੂੰ ਕਿਹਾ ਸੀ ਕਿ ਉਹ ਹਿੰਸਾ ਨੂੰ ਖ਼ਤਮ ਕਰੇ ਅਤੇ ਸ਼ਾਂਤੀ ਸਥਾਪਤ ਕਰਨ ਦੀ ਦਿਸ਼ਾ ਵਿਚ ਕੰਮ ਕਰੇ। ਅਪਣੇ ਟਵੀਟ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਇਜ਼ਰਾਈਲ ਦੇ ਨਾਗਰਿਕਾਂ ਦੀ ਰਖਿਆ ਲਈ 100 ਫ਼ੀ ਸਦੀ ਸਮਰਥਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹਿੰਸਾ ਨਾਲ ਕਿਸੇ ਨੂੰ ਕੁੱਝ ਨਹੀਂ ਮਿਲੇਗਾ, ਸਿਰਫ਼ ਦੁਖ ਹੀ ਮਿਲਣਗੇ, ਇਸ ਲਈ ਹਿੰਸਾ ਖ਼ਤਮ ਕਰ ਕੇ ਸ਼ਾਂਤੀ ਦੀ ਸਥਾਪਨਾ ਕਰਨ ਵਲ ਕੰਮ ਕੀਤਾ ਜਾਵੇ।