ਲੰਡਨ : ਕਰੋੜਾਂ ਰੁਪਏ ਦੀ ਬੈਂਕ ਧੋਖਾਧੜੀ ਮਾਮਲੇ ਵਿਚ ਭਗੌੜਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਅਪਣੇ ਕਾਨੂੰਨੀ ਅਤੇ ਰਹਿਣ ਸਹਿਣ ਦੇ ਖ਼ਰਚੇ ਪੂਰੇ ਕਰਨ ਦੇ ਲਈ ਲੰਡਨ ਦੀ ਹਾਈ ਕੋਰਟ ਤੋਂ ਆਰਥਿਕ ਮਦਦ ਮਿਲੀ ਹੈ। ਲੰਡਨ ਹਾਈ ਕੋਰਟ ਨੇ ਅਪਣੇ ਫੰਡ ਤੋਂ ਮਾਲਿਆ ਨੂੰ 11 ਲੱਖ ਪੌਂਡ ਯਾਨੀ ਕਰੀਬ 11 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਡਿਪਟੀ ਇਨਸੌਲਵੈਂਸੀ ਐਂਡ ਕੰਪਨੀਜ਼ ਕੋਰਟ ਜੱਜ ਨਿਗੇਲ ਬਾਰਨੇਟ ਨੇ ਐਸਬੀਆਈ ਦੀ ਅਗਵਾਈ ਵਿਚ ਭਾਰਤੀ ਬੈਂਕਾਂ ਦੇ ਇੱਕ ਸਮੂਹ ਵਲੋਂ ਦੀਵਾਲੀਆ ਕਾਰਵਾਈ ਦੇ ਰੂਪ ਵਿਚ ਕੋਰਟ ਦੇ ਫੰਡ ਆਫ਼ਿਸ ਵਿਚ ਜਮ੍ਹਾ ਰਕਮ ਤੱਕ ਮਾਲਿਆ ਨੂੰ ਪਹੁੰਚ ਦੇਣ ਦੇ ਲਈ ਸੁਣਵਾਈ ਕੀਤੀ।
ਨਵੇਂ ਆਦੇਸ਼ ਮੁਤਾਬਕ ਮਾਲਿਆ ਨੂੰ ਕੋਰਟ ਦੇ ਫੰਡ ਵਿਚੋਂ ਕੁਝ ਪੈਸੇ ਕੱਢਣ ਦੀ ਆਗਿਆ ਦਿੱਤੀ ਗਈ ਹੈ। ਇਨ੍ਹਾਂ ਪੈਸਿਆਂ ਨਾਲ ਉਹ ਰਹਿਣ ਸਹਿਣ ਅਤੇ ਕਾਨੂੰਨੀ ਪ੍ਰਕਿਰਿਆ ਦਾ ਭੁਗਤਾਨ ਕਰ ਸਕੇਗਾ। ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਇਸ ਮਾਮਲੇ ਵਿਚ ਮਾਲਿਆ ਹੁਣ ਤੱਕ ਦੋ ਪਹਿਲੂਆਂ ’ਤੇ ਸਫਲ ਰਹੇ ਜਦ ਕਿ ਪਟੀਸ਼ਨਕਰਤਾ ਭਾਰਤੀ ਬੈਂਕ ਮਾਲਿਆ ਦੇ ਆਵੇਦਨ ਦੇ ਖ਼ਿਲਾਫ਼ ਪੱਖ ਰੱਖਣ ਵਿਚ ਕਾਫੀ ਹੱਦ ਤੱਕ ਸਫਲ ਰਹੇ ਹਨ। ਕੋਰਟ ਨੇ ਕਿਹਾ ਕਿ ਆਵੇਦਨ ਦੀ ਸੁਣਵਾਈ ’ਤੇ ਕਾਨੂੰਨੀ ਖ਼ਰਚ ਹੋਣਾ ਸੁਭਾਵਿਕ ਹੈ, ਹੁਣ ਸਵਾਲ ਹੈ ਕਿ ਇਹ ਖ਼ਰਚ ਕਿਵੇਂ ਅਦਾ ਹੋਵੇਗਾ। ਇਸ ਲਈ ਅਜੇ ਮਾਲਿਆ ਨੂੰ ਇਸ ਖ਼ਰਚੇ ਨੂੰ ਕਰਨ ਦੇ ਲਈ ਕੋਰਟ ਦੇ ਫੰਡ ਤੋਂ ਪੈਸਾ ਦਿੱਤਾ ਜਾਵੇ , ਹਾਲਾਂਕਿ ਕੋਰਟ ਨੇ ਕਿਹਾ ਕਿ ਦੀਵਾਲੀਆ ਮਾਮਲੇ ਵਿਚ ਫੈਸਲਾ ਆਉਣ ਤੋਂ ਬਾਅਦ ਮਾਲਿਆ ਦੁਆਰਾ ਇਸ ਪੈਸੇ ਨੂੰ ਕਿੱਥੇ ਅਤੇ ਕਿਸ ਮਦ ਵਿਚ ਖ਼ਰਚ ਕੀਤਾ ਜਾਵੇ ਇਸ ਦੀ ਜਾਂਚ ਹੋਵੇਗੀ।