ਹਾਸ, (ਏਜੰਸੀ) : ਸੀਰੀਆ ਦੇ ਜੇਹਾਦੀ ਕੰਟਰੋਲ ਵਾਲੇ ਇਦਲਿਬ ਸੂਬੇ ਵਿਚ ਸਰਕਾਰ ਦੇ ਸਹਿਯੋਗੀ ਰੂਸ ਵਲੋਂ ਕੀਤੇ ਗਏ ਹਵਾਈ ਹਮਲਿਆਂ ਕਾਰਨ ਦੋ ਹਸਪਤਾਲਾਂ ਨੂੰ ਬੰਦ ਕਰਨਾ ਪਿਆ ਜਦਕਿ ਤੀਜਾ ਹਸਪਤਾਲ ਕਾਫ਼ੀ ਜ਼ਿਆਦਾ ਨੁਕਸਾਨਿਆ ਗਿਆ। ਬਰਤਾਨੀਆ ਦੇ ਨਿਗਰਾਨ ਸਮੂਹ ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ ਦਾ ਕਹਿਣਾ ਹੈ ਕਿ ਸੀਰੀਆਈ ਸਰਕਾਰ ਅਤੇ ਰੂਸ ਦੇ ਇਸ ਹਵਾਈ ਹਮਲੇ ਵਿਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਇਦਲਿਬ ਤੇ ਨੇੜੇ ਦੇ ਜੇਹਾਦੀ ਕੰਟਰੋਲ ਵਾਲੇ ਖੇਤਰਾਂ ਉਤੇ ਪਿਛਲੇ ਇਕ ਮਹੀਨੇ ਤੋਂ ਕਾਫ਼ੀ ਗੋਲਾਬਾਰੀ ਹੋ ਰਹੀ ਹੈ। ਸੰਸਥਾ ਨੇ ਇਨ੍ਹਾਂ ਹਵਾਈ ਹਮਲਿਆਂ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੰਸਥਾ ਦੇ ਡਾਇਰੈਕਟਰ ਰਾਮੀ ਅਬਦੇਲ ਰਹਿਮਾਨੀ ਦਾ ਕਹਿਣਾ ਹੈ ਕਿ ਕਾਫ਼ਰਾਂਬੇਲ ਸਥਿਤ ਹਸਪਤਾਲ ਵਿਚ ਕੰਮ ਨਹੀਂ ਹੋ ਰਿਹਾ ਤੇ ਮਰੀਜ਼ਾਂ ਨੂੰ ਇਥੋਂ ਦੂਜੇ ਹਸਪਤਾਲਾਂ ਵਿਚ ਭੇਜਿਆ ਜਾ ਰਿਹਾ ਹੈ।