ਲੋਕਾਂ ਕੋਲ ਬਦਲਾਅ ਲਿਆਉਣ ਦਾ ਮੌਕਾ, 'ਆਪ' ਦੇ ਉਮੀਦਵਾਰਾਂ ਨੂੰ ਜਿਤਾਉਣ : ਪਰਮਿੰਦਰ ਸਿੰਘ ਗੋਲਡੀ
ਭ੍ਰਿਸ਼ਟਾਚਾਰ ਖਤਮ ਕਰਕੇ ਪੀਣ ਵਾਲਾ ਪਾਣੀ, ਸਾਫ ਸਫਾਈ, ਸੁੰਦਰ ਪਾਰਕ, ਸਾਫ ਜਨਤਕ ਪਖਾਨੇ ਅਤੇ ਡੋਰ ਸਟੈਪ ਸਰਵਿਸ ਮੁਹੱਈਆ ਕਰਾਂਗੇ : ਪ੍ਰਭਜੋਤ ਕੌਰ
ਮੋਹਾਲੀ : ਆਮ ਆਦਮੀ ਪਾਰਟੀ ਵੱਲੋਂ ਅੱਜ ਖਰੜ ਬੱਸ ਸਟੈਂਡ ਦੇ ਅੱਗੇ ਜ਼ਿਲ੍ਹਾ ਮੋਹਾਲੀ ਵਿੱਚ ਹੋ ਰਹੀਆਂ ਐਮ ਸੀ ਚੋਣਾਂ ਲਈ "ਸਾਰਿਆਂ ਨੂੰ ਅਜਮਾਇਆ, ਸਾਰਿਆਂ ਨੇ ਦਿੱਤਾ ਧੋਖਾ, ਹੁਣ ਝਾੜੂ ਵਾਲਿਆਂ ਨੂੰ ਦੇਵਾਂਗੇ ਮੌਕਾ'' ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਅਤੇ ਜ਼ਿਲ੍ਹਾ ਸਕੱਤਰ ਪ੍ਰਭਜੋਤ ਕੌਰ ਦੇ ਨਾਲ ਖਰੜ ਦੇ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਵੱਲੋਂ ਚੋਣ ਪ੍ਰਚਾਰ ਸਬੰਧੀ ਇਕ ਗੀਤ ਲਾਂਚ ਕੀਤਾ ਗਿਆ। ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ 'ਆਪ' ਦੇ ਸਾਰੇ ਉਮੀਦਵਾਰਾਂ ਅਤੇ ਅਹੁਦੇਦਾਰਾਂ ਵੱਲੋਂ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਲਗਾਕੇ ਕੀਤੀ ਗਈ।
ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ 'ਆਪ' ਦੇ ਸਾਰੇ ਵਲੰਟੀਅਰਾਂ ਵੱਲੋਂ ਅੱਜ ਝਾੜੂ ਚਲਾਕੇ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਘਰਾਂ, ਗਲੀਆਂ 'ਚ ਝਾੜੂ ਲਗਾਕੇ ਗੰਦਗੀ ਨੂੰ ਸਾਫ ਕੀਤਾ ਜਾਂਦਾ ਹੈ, ਚੋਣਾਂ ਵਿੱਚ ਝਾੜੂ ਚਲਾਕੇ ਅਕਾਲੀਆਂ-ਕਾਂਗਰਸੀਆਂ ਵੱਲੋਂ ਨਗਰ ਨਿਗਮਾਂ, ਮਿਉਂਸਿਪਲ ਕੌਂਸਲ ਵਿੱਚ ਪਾਈ ਭ੍ਰਿਸ਼ਟਾਚਾਰ ਦੀ ਗੰਦਗੀ ਨੂੰ ਸਾਫ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਲੰਟੀਅਰ ਭ੍ਰਿਸ਼ਟਾਚਾਰ ਦੀ ਗੰਦਗੀ ਨੂੰ ਸਾਫ ਕਰਨ ਵਾਲੇ ਅੱਜ ਪ੍ਰਣ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ 'ਸਾਰਿਆਂ ਨੂੰ ਅਜ਼ਮਾਇਆ, ਸਾਰਿਆਂ ਨੇ ਦਿੱਤਾ ਧੋਖਾ, ਹੁਣ ਝਾੜੂ ਵਾਲਿਆਂ ਨੂੰ ਦੇਵਾਂਗੇ ਮੌਕਾ' ਦਾ ਸਲੋਗਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਭ੍ਰਿਸ਼ਟਾਚਾਰ ਅੱਡੇ ਬਣ ਚੁੱਕੇ ਹਨ। ਸ਼ਹਿਰਾਂ ਵਿੱਚ ਸਫਾਈ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ, ਕਿਤੇ ਵੀ ਸ਼ਹਿਰ ਵਿੱਚ ਅਪਰਾਧਾਂ ਨੂੰ ਰੋਕਣ ਦੇ ਲਈ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸੀਆਂ ਨੇ ਆਪਣੇ ਘਰਾਂ ਨੂੰ ਭਰਨ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹੁਣ ਲੋਕਾਂ ਨੂੰ ਬਦਲਾਅ ਦਿੱਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਦੇ ਲਈ ਕੰਮ ਕਰਨ ਵਾਲਿਆਂ ਨੂੰ ਜਤਾਇਆ ਜਾਵੇ।
ਪ੍ਰਭਜੋਤ ਕੌਰ ਨੇ ਕਿਹਾ ਕਿ ਵੋਟਰਾਂ ਨੇ ਪਹਿਲਾਂ ਅਕਾਲੀਆਂ ਅਤੇ ਕਾਂਗਰਸੀਆਂ ਦੋਵਾਂ ਪਾਰਟੀਆਂ ਨੂੰ ਮੌਕਾ ਦਿੱਤਾ, ਪ੍ਰੰਤੂ ਰਿਵਾਇਤੀ ਪਾਰਟੀਆਂ ਨੇ ਹਮੇਸ਼ਾ ਮੋਹਾਲੀ ਦੇ ਲੋਕਾਂ ਨੂੰ ਨਿਰਾਸ਼ ਕੀਤਾ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣੀ ਵੋਟ ਦੇ ਅਧਿਕਾਰ ਨੂੰ ਵਰਤਦੇ ਹੋਏ ਇਸ ਵਾਰ ਬਦਲਾਅ ਲਿਆਉਣ ਵਾਸਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਨਗਰ ਪਾਲਿਕਾਵਾਂ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇ, ਸ਼ਹਿਰਾਂ ਨੂੰ ਸਾਫ ਸੁਥਰਾ ਬਣਾਇਆ ਜਾਵੇਗਾ ਅਤੇ ਸ਼ਹਿਰ ਵਿਚ ਵਿਕਾਸ ਦੇ ਕੰਮ ਕਰਵਾਏ ਜਾਣਗੇ। ਅੱਜ ਦੀ ਚੋਣ ਮੁਹਿੰਮ ਵਿੱਚ 'ਆਪ' ਦੇ ਸਾਬਕਾ ਜਿਲ੍ਹਾ ਪ੍ਰਧਾਨ ਹਰੀਸ਼ ਕੌਸ਼ਲ, ਹਰਜੀਤ ਸਿੰਘ ਬੰਟੀ, ਗੁਰਿੰਦਰ ਸਿੰਘ ਕੈਰੋਂ, ਮੈਡਮ ਸਹੋਤਾ, ਜਿਲਾ ਖਜਾਨਚੀ ਗੁਰਮੇਜ ਸਿੰਘ ਕਾਹਲੋਂ, ਜਿਲ੍ਹਾ ਦਫਤਰ ਇੰਚਾਰਜ ਬਹਾਦਰ ਸਿੰਘ ਚਾਹਲ, ਆਪ ਦੇ ਬੁਲਾਰੇ ਗੋਵਿੰਦਰ ਮਿੱਤਲ, ਬਲਾਕ ਪ੍ਰਧਾਨ ਰਾਮ ਸਰੂਪ ਸ਼ਰਮਾ, ਬਲਾਕ ਪ੍ਰਧਾਨ ਰਾਜੇਸ਼ ਰਾਣਾ, ਮੀਡਿਆ ਇੰਚਾਰਜ ਜਸਪਾਲ ਕਉਣੀ ਸਮੇਤ ਵਰਕਰ ਅਤੇ ਉਮੀਦਵਾਰਾਂ ਨੇ ਸ਼ਮੂਲੀਅਤ ਕੀਤੀ।