ਐਸ.ਏ.ਐਸ ਨਗਰ :- ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਵੱਲੋਂ ਅਜ਼ਾਦ ਗਰੁੱਪ ਦੇ ਉਮੀਦਵਾਰਾਂ ਦੇ ਹੱਕ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਹਨਾਂ ਲੋਕਾਂ ਨੂੰ ਵਿਸ਼ਵਾਸ਼ ਦਵਾਉਂਦਿਆਂ ਕਿਹਾ ਕਿ ਅਸੀਂ ਜਿੱਤਣ ਉਪਰੰਤ ਪਹਿਲ ਦੇ ਅਧਾਰ 'ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਰੁਕੇ ਵਿਕਾਸ ਦੇ ਕੰਮਾਂ ਨੂੰ ਮੁਕੰਮਲ ਕਰਾਵਾਂਗੇ। ਉਹਨਾਂ ਕਿਹਾ ਕਿ ਪਿਛਲੀ ਵਾਰ ਮੇਅਰ ਬਣਨ ਉਪਰੰਤ ਉਹਨਾਂ ਨੇ ਨਗਰ ਨਿਗਮ ਵਿੱਚ ਹਾਊਸ ਦੀ ਪਹਿਲੀ ਮੀਟਿੰਗ ਵਿੱਚ ਹੀ ਮੁਹਾਲੀ ਦੇ ਮਿਆਦ ਪੁਗਾ ਚੁੱਕੇ ਸੀਵਰੇਜ਼ ਨੂੰ ਨਵੇਂ ਸਿਰੇ ਤੋਂ ਪਾਈਪ ਲਾਈਨਾਂ ਵਿਛਾਉਣ ਨੂੰ ਮਨਜ਼ੂਰੀ ਦਿੱਤੀ ਸੀ। ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਲਈ ਸਭ ਤੋਂ ਵੱਡੀ ਮੁਸੀਬਤ ਸੀਵਰੇਜ਼ ਦੀ ਸਮੱਸਿਆ ਸੀ, ਪ੍ਰੰਤੂ ਹੁਣ ਮੁਹਾਲੀ 'ਚ ਪੈ ਚੁੱਕੀਆਂ ਅਤੇ ਪੈ ਰਹੀਆਂ ਨਵੀਆਂ ਸੀਵਰੇਜ਼ ਲਾਈਨਾਂ ਨਾਲ ਸ਼ਹਿਰ ਵਾਸੀਆਂ ਨੂੰ 50 ਤੋਂ 100 ਸਾਲ ਤੱਕ ਸੀਵਰੇਜ਼ ਜਾਮ ਹੋਣ ਦੀ ਕੋਈ ਸਮੱਸਿਆ ਨਹੀਂ ਆਵੇਗੀ।
ਸਾਬਕਾ ਮੇਅਰ ਸ. ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਬਤੌਰ ਮੇਅਰ ਪਿਛਲੇ ਪੰਜ ਸਾਲਾਂ ਵਿੱਚ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ ਅਤੇ ਅਸੀਂ ਇਸ ਵਾਰ ਵੀ ਵਿਕਾਸ ਦੇ ਮੁੱਦੇ 'ਤੇ ਹੀ ਚੋਣਾਂ ਲੜ੍ਹ ਰਹੇ ਹਾਂ। ਉਹਨਾਂ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਇਸ ਵਾਰ ਵੀ ਜਿੱਤਣ ਉਪਰੰਤ ਮੁਹਾਲੀ ਨੂੰ ਹਰ ਪੱਖੋਂ ਮੋਹਰੀ ਸ਼ਹਿਰ ਬਣਾਵਾਂਗੇ। ਉਹਨਾਂ ਕਿਹਾ ਕਿ ਬਜ਼ੁਰਗਾਂ ਸਮੇਤ ਹਰ ਕਿਸੇ ਦੇ ਸੈਰ ਕਰਨ ਲਈ ਪਾਰਕਾਂ ਦੀ ਖੂਬਸੂਰਤ ਦਿੱਖ ਬਣਾਈ ਗਈ ਹੈ। ਇਸ ਤੋਂ ਇਲਾਵਾ ਨੌਜਵਾਨਾਂ ਲਈ ਓਪਨ ਏਅਰ ਜਿੰਮ ਅਤੇ ਬੱਚਿਆਂ ਲਈ ਖੂਬਸੂਰਤ ਝੂਲੇ ਲਗਾਏ ਹਨ। ਉਹਨਾਂ ਕਿਹਾ ਕਿ ਮੁਹਾਲੀ ਸ਼ਹਿਰ ਦੇ ਹਰੇਕ ਵਾਰਡ ਵਿੱਚ ਉਹਨਾਂ ਨੇ ਬਿਨਾਂ ਕਿਸੇ ਭੇਦਭਾਵ ਤੋਂ ਨਿਰਪੱਖ ਹੋ ਕੇ ਵਿਕਾਸ ਦੇ ਕੰਮ ਕਰਵਾਏ ਹਨ।