ਅਜ਼ਾਦ ਗਰੁੱਪ ਦੀ ਸਾਰੀ ਟੀਮ ਸ਼ਹਿਰ ਵਾਸੀਆਂ ਦੀਆਂ ਉਮੀਦਾਂ 'ਤੇ ਖ਼ਰਾ ਉਤਰੇਗੀ
ਐਸ.ਏ.ਐਸ ਨਗਰ : ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਵੱਲੋਂ ਐਸ.ਏ.ਐਸ ਨਗਰ (ਮੁਹਾਲੀ) ਦੇ ਵੱਖ-ਵੱਖ ਵਾਰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਉਹਨਾਂ ਵੱਲੋਂ ਇਹ ਪ੍ਰਚਾਰ ਬਿਨਾਂ ਕਿਸੇ ਸ਼ੋਰ ਸ਼ਰਾਬੇ ਤੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪੈਦਲ ਹੀ ਕੀਤਾ ਜਾ ਰਿਹਾ ਹੈ ਅਤੇ ਹਰ ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਸ. ਕੁਲਵੰਤ ਸਿੰਘ ਅਤੇ ਅਜ਼ਾਦ ਗਰੁੱਪ ਦੇ ਬਾਕੀ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਸਾਦੇ ਢੰਗ ਦੇ ਪ੍ਰਚਾਰ ਨੂੰ ਸਥਾਨਕ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਦੌਰਾਨ ਵਾਰਡ ਨੰਬਰ 49 ਤੋਂ ਆਜ਼ਾਦ ਗਰੁੱਪ ਦੀ ਉਮੀਦਵਾਰ ਹਰਜਿੰਦਰ ਕੌਰ ਦੇ ਦਫਤਰ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦਿਆਂ ਸ. ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਸ਼ਹਿਰ ਨੇ ਉਨ੍ਹਾਂ ਨੂੰ ਸਭ ਕੁਝ ਦਿੱਤਾ ਹੈ ਇਸੇ ਲਈ ਉਹਨਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਬਤੌਰ ਮੇਅਰ ਮੁਹਾਲੀ ਦੇ ਸਰਵਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਹੈ। ਉਹਨਾਂ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਕੀਤਾ ਗਿਆ ਵਿਕਾਸ ਸਭ ਦੇ ਸਾਹਮਣੇ ਹੈ ਅਤੇ ਉਸੇ ਵਿਕਾਸ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਲੋਕ ਵਿਕਾਸ ਨੂੰ ਸਮਰਪਿਤ ਅਜ਼ਾਦ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਫਿਰ ਤੋਂ ਸੇਵਾ ਦਾ ਮੌਕਾ ਦੇਣਗੇ।
ਸਾਬਕਾ ਮੇਅਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਪਿਛਲੇ ਪੰਜ ਸਾਲਾਂ ਵਿੱਚ ਕੀਤੇ ਕੰਮਾਂ ਨੂੰ ਦੇਖ ਕੇ ਅਤੇ ਆਪਣੇ ਦਿਲ ਵੀ ਆਵਾਜ਼ ਸੁਣ ਕੇ ਵੱਧ ਤੋਂ ਵੱਧ ਵੋਟਾਂ ਨਾਲ ਅਜ਼ਾਦ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਜਿਤਾਓ ਤਾਂ ਮੁਹਾਲੀ ਵਿਕਾਸ ਪੱਖੋਂ ਹੋਰ ਅੱਗੇ ਲਿਜਾਇਆ ਜਾ ਸਕੇ। ਸ. ਕੁਲਵੰਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ਼ ਦਵਾਉਂਦਿਆਂ ਕਿਹਾ ਕਿ ਸਾਡੀ ਸਾਰੀ ਟੀਮ ਤੁਹਾਡੇ ਵੱਲੋਂ ਪ੍ਰਗਟਾਏ ਵਿਸ਼ਵਾਸ਼ ਨੂੰ ਹਮੇਸ਼ਾ ਬਰਕਰਾਰ ਰੱਖੇਗੀ ਅਤੇ ਤੁਹਾਡੀਆਂ ਉਮੀਦਾਂ 'ਤੇ ਖ਼ਰਾ ਉਤਰੇਗੀ।