ਫਿਰੋਜ਼ਪੁਰ : ਹਲਕਾ ਜੀਰਾ ‘ਚ ਦੋ ਸਕੀਆਂ ਭੈਣਾਂ ਨੇ ਨਹਿਰ ‘ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਨੋਂ ਭੈਣਾਂ ਪਿੰਡ ਸੇਖਵਾਂ ਦੀਆਂ ਰਹਿਣ ਵਾਲੀਆਂ ਸਨ। ਮ੍ਰਿਤਕਾਂ ਦੀ ਪਛਾਣ ਮਨਪ੍ਰੀਤ ਕੌਰ (19) -ਤੇ ਸਿਮਰਨ (17) ਵੱਜੋਂ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋਨੋ ਭੈਣਾਂ ਅੱਜ ਟੈਂਪੂ ਵਿਚ ਸਵਾਰ ਹੋ ਕੇ ਘਰੋਂ ਤਲਵੰਡੀ ਭਾਈ ਵਿਖੇ ਸਕੂਲ ਗਈਆਂ ਸਨ। ਪਰ ਇਹ ਕੁੜੀਆਂ ਸਕੂਲ ਨਹੀਂ ਪਹੁੰਚੀਆਂ ਤੇ ਇਨ੍ਹਾਂ ਦੋਵਾਂ ਨੇ ਨਹਿਰਾਂ ਵਿਚ ਇਕੱਠੇ ਛਾਲ ਮਾਰ ਦਿੱਤੀ, ਜਿਸਦੀ ਸੂਚਨਾ ਕਿਸੇ ਨਾ-ਮਲੂਮ ਵਿਅਕਤੀ ਨੇ ਫੋਨ ਕਰਕੇ ਕੁੜੀਆਂ ਦੇ ਪਰਿਵਾਰ ਨੂੰ ਦਿੱਤੀ। ਨਹਿਰ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਤੇ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚ ਗਈ।
ਡੀ.ਐੱਸ.ਪੀ. ਫਿਰੋਜ਼ਪੁਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਦੋਵੇਂ ਕੁੜੀਆਂ ਦੀਆਂ ਲਾਸ਼ਾਂ ਬਰਾਮਦ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸੁਸਾਇਡ ਨੋਟ ਹਾਸਲ ਕਰਕੇ ਇਸ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਕੁੜੀਆਂ ਨੇ ਕਿਹੜੇ ਕਾਰਨਾਂ ਕਰਕੇ ਨਹਿਰ ਵਿਚ ਛਾਲ ਮਾਰੀ ਹੈ।