ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੈੱਬ ਸੀਰੀਜ਼ ’ਮਿਰਜ਼ਾਪੁਰ’ ਵਿਰੁਧ ਦਾਇਰ ਇਕ ਜਨਹਿਤ ਪਟੀਸ਼ਨ (ਪੀ. ਆਈ. ਐਲ.) ’ਤੇ ਸੁਣਵਾਈ ਕਰਦਿਆਂ ਅੱਜ ਓ. ਟੀ. ਟੀ. ਪਲੇਟਫ਼ਾਰਮ ਐਮਾਜ਼ੋਨ ਪ੍ਰਾਈਮ ਵੀਡੀਉ ਅਤੇ ਫ਼ਿਲਮ ਦੇ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਇਹ ਪਟੀਸ਼ਨ ਮਿਰਜ਼ਾਪੁਰ ਦੇ ਇਕ ਵਸਨੀਕ ਵਲੋਂ ਦਾਖ਼ਲ ਕੀਤੀ ਗਈ ਹੈ।
ਪਟੀਸ਼ਨ ’ਚ ਓ. ਟੀ. ਟੀ. ਪਲੇਟਫ਼ਾਰਮਾਂ ’ਤੇ ਆ ਰਹੀਆਂ ਫ਼ਿਲਮਾਂ ਦੀ ਸਮਗਰੀ ’ਤੇ ਕੰਟਰੋਲ ਕਰਨ ਦੀ ਮੰਗ ਕੀਤੀ ਗਈ ਹੈ। ਪਟੀਸ਼ਨਕਰਤਾ ਐਸ. ਕੇ. ਕੁਮਾਰ ਨੇ ਅਪਣੀ ਅਰਜ਼ੀ ’ਚ ਕਿਹਾ ਹੈ ਕਿ ਵੈੱਬ ਸੀਰੀਜ਼ ’ਚ ਮਿਰਜ਼ਾਪੁਰ ਸ਼ਹਿਰ ਨੂੰ ਅਤਿਵਾਦੀ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਵਾਲਾ ਸ਼ਹਿਰ ਦਿਖਾਇਆ ਗਿਆ ਹੈ। ਇਹ ਜ਼ਿਲ੍ਹੇ ਅਤੇ ਉੱਤਰ ਪ੍ਰਦੇਸ਼ ਦੇ ਅਕਸ ਨੂੰ ਖ਼ਰਾਬ ਕਰਦਾ ਹੈ। ਚੀਫ਼ ਜਸਟਿਸ ਐਸ. ਏ. ਬੋਬੜੇ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਇਸ ਮਾਮਲੇ ’ਤੇ ਨੋਟਿਸ ਜਾਰੀ ਕੀਤਾ ਹੈ।