ਗੁਰਦਾਸਪੁਰ : ਸਰਹੱਦੀ ਜਿਲ੍ਹਾ ਗੁਰਦਾਸਪੁਰ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦੇ ਹੋਏ 2 ਨਾਈਜੀਰੀਅਨ ਨਾਗਰਿਕਾਂ ਨੂੰ ਕਰੋੜਾਂ ਦੀ ਹੈਰੋਇਨ ਸਣੇੇ ਗ੍ਰਿਫਤਾਰ ਕੀਤਾ ਹੈ। ਇਹ ਨਾਗਿਰਕ ਦਿੱਲੀ ਤੋਂ ਹੈਰੋਇਨ ਲਿਆ ਕੇ ਤਸਕਰੀ ਦਾ ਕੰਮ ਕਰਦੇ ਸਨ। ਇਸ ਸਮੇਂ ਦਿੱਲੀ ਚ ਹੀ ਰਹਿੰਦੇ ਹਨ।
ਜਿਲ੍ਹਾ ਪੁਲਿਸ ਮੁਖੀ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਾਇਆ ਗਿਆ ਕਿ ਇਹ ਹੈਰੋਇਨ ਦਿੱਲੀ ਤੋਂ ਸਸਤੇ ਰੇਟ 'ਤੇ ਲਿਆ ਕੇ ਗੁਰਦਾਸਪੁਰ, ਬਟਾਲਾ ਤੇ ਅੰਮ੍ਰਿਤਸਰ ਦੇ ਇਲਾਕੇ ਵਿਚ ਮਹਿੰਗੇ ਭਾਅ 'ਤੇ ਵੇਚਦੇ ਸਨ। ਮੁਲਜਮਾਂ ਦੀ ਪਛਾਣ ਮੈਂਸੇ ਵਾਸੀ ਇਮੋ ਸਟੇਟ ਉਕਾਪੂ, ਨਾਈਜੀਰੀਆ ਹਾਲ ਵਾਸੀ ਦਵਾਰਕਾ ਮੋੜ ਰਾਮਾ ਪਾਰਕ, ਦਿੱਲੀ ਅਤੇ ਕੈਲੇਚੀ ਜਸਟਿਨ ਵਾਸੀ ਉਮੋਰਕਾ ਇਹਿਆਲਾ, ਨਾਈਜੀਰੀਆ ਹਾਲ ਵਾਸੀ (ਦਿੱਲੀ) ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਨੂੰ ਬਹਿਰਾਮਪੁਰ ਥਾਣੇ ਦੀ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਮੈਂਸੇ ਕੌਲੋਂ 120 ਗ੍ਰਾਮ ਤੇ ਕੈਲੇਚੀ ਜਸਟਿਨ ਕੋਲੋਂ 280 ਗਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਕੀਮਤ 2 ਕਰੋੜ ਰੁਪਏ ਹੈ। ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।