ਲਧਿਆਣਾ : ਸ਼ਹਿਰ ਖੰਨਾ ਦੇ ਪਿੰਡ ਘੁਡਾਣੀ ਕਲਾਂ ਦੇ ਡੇਰਾ ਸੰਨਿਆਸ ਆਸ਼ਰਮ ਸਮਾਧਾਂ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਡੇਰੇ ਦੇ ਸੇਵਾਦਾਰਾਂ ਦੀ ਕੁੱਟਮਾਰ ਕਰਕੇ ਨਕਦੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ 10 ਦੇ ਕਰੀਬ ਅਣਪਛਾਤੇ ਵਿਅਕਤੀ ਅੰਦਰ ਦਾਖਲ ਹੋਏ, ਇਸ ਦੌਰਾਨ ਉਨ੍ਹਾਂ ਨੇ ਧਾਰਮਿਕ ਸਮਾਗਮ ਲਈ ਪਾਠ ਕਰਨ ਵਾਸਤੇ ਉਤਰਾਖੰਡ ਤੋਂ ਆਏ ਪੁਜਾਰੀ ਰਾਕੇਸ਼ ਚੰਦਰ ਦੀ ਕੁੱਟ ਮਾਰ ਕਰਕੇ ਉਸ ਤੋਂ 5 ਹਜ਼ਾਰ ਰੁਪਏ ਦੀ ਨਗਦੀ ਤੇ ਉਸ ਦਾ ਮੋਬਾਇਲ ਅਤੇ ਸੁਰੇਸ਼ ਚੰਦਰ ਦਾ ਮੋਬਾਇਲ ਲੈ ਲਿਆ ਤੇ ਜਾਣ ਸਮੇਂ ਡੇਰੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ। ਸੂਚਨਾ ਮਿਲਦੇ ਹੀ ਥਾਣਾ ਪਾਇਲ ਦੇ ਮੁਖੀ ਕਰਨੈਲ ਸਿੰਘ ਤੇ ਸਹਾਇਕ ਥਾਣੇਦਾਰ ਮੁਖ਼ਤਿਆਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।