ਵਾਸ਼ਿੰਗਟਨ : ਕਰੀਬ ਚਾਰ ਸਾਲ ਅਪਣੇ ਗ੍ਰਹਿ ਨਗਰ ਡੈਲਾਵੇਅਰ ਵਿਚ ਬਿਤਾਉਣ ਤੋਂ ਬਾਅਦ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ. ਬਾਈਡਨ ਸਹੁੰ ਚੁਕ ਸਮਾਗਮ ਤੋਂ ਇਕ ਦਿਨ ਪਹਿਲਾਂ ਏਕਤਾ ਦੇ ਸੰਦੇਸ਼ ਨਾਲ ਵਾਸ਼ਿੰਗਟਨ ਡੀ.ਸੀ. ਪਹੁੰਚ ਗਏ ਹਨ। ਉਹ ਬੁਧਵਾਰ ਨੂੰ ਦੇਸ਼ ਦੇ 46ਵੇਂ ਰਾਸ਼ਟਰਪਤੀ ਦੇ ਤੌਰ ’ਤੇ ਸਹੁੰ ਚੁੱਕਣਗੇ। ਮੁੱਖ ਜੱਜ ਜੌਨ ਰੌਬਰਟਸ 12 ਵਜਦੇ ਹੀ (ਸਥਾਨਕ ਸਮੇਂ ਮੁਤਾਬਕ) ਬੁਧਵਾਰ ਨੂੰ ਬਾਈਡਨ ਅਤੇ ਹੈਰਿਸ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਬਤੌਰ ਰਾਸ਼ਟਰਪਤੀ ਬਾਈਡਨ ਦੇ ਸਾਹਮਣੇ ਕਈ ਚੁਣੌਤੀਆਂ ਹੋਣਗੀਆਂ। ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਡੇਲਾਵੇਅਰ ਤੋਂ ਵਾਸ਼ਿੰਗਟਨ ਡੀ.ਸੀ. ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ, ‘‘ਤੁਹਾਡਾ ਅਗਲਾ ਰਾਸ਼ਟਰਪਤੀ ਅਤੇ ਕਮਾਂਡਰ ਇਨ ਚੀਫ਼ ਹੋਣ ’ਤੇ ਮੈਨੂੰ ਮਾਣ ਹੈ। ਮੈਂ ਹਮੇਸ਼ਾ ਡੈਲਾਵੇਅਰ ਦਾ ਮਾਣ ਵਾਲਾ ਪੁੱਤਰ ਰਹਾਂਗਾ।’’
ਬਾਈਡੇਨ 1973 ਵਿਚ ਡੈਲਾਵੇਅਰ ਤੋਂ ਸੱਭ ਤੋਂ ਨੌਜਵਾਨ ਸੈਨੇਟਰ ਦੇ ਤੌਰ ’ਤੇ ਚੁਣੇ ਗਏ। ਉਹ ਜਨਤਕ ਜੀਵਨ ਵਿਚ ਕਰੀਬ ਪੰਜ ਦਹਾਕੇ ਬਿਤਾ ਚੁੱਕੇ ਹਨ। ਬਾਈਡਨ (78) ਨੇ ਕਿਹਾ, ‘‘ਮੇਰਾ ਪ੍ਰਵਾਰ ਅਤੇ ਮੈਂ ਵਾਸ਼ਿੰਗਟਨ ਲਈ ਰਵਾਨਾ ਹੋ ਰਹੇ ਹਾਂ। ਅਸੀਂ ਲੋਕ ਉਸ ਦਿਆਲੂ ਔਰਤ ਨਾਲ ਵੀ ਮਿਲਾਂਗੇ ਜੋ ਦੇਸ਼ ਦੀ ਉਪ ਰਾਸ਼ਟਰਪਤੀ ਦੇ ਤੌਰ ’ਤੇ ਸਹੁੰ ਚੁੱਕੇਗੀ।’’ ਕਮਲਾ ਹੈਰਿਸ (56) ਦੇਸ਼ ਦੀ ਪਹਿਲੀ ਔਰਤ ਉਪ ਰਾਸ਼ਟਰਪਤੀ ਹੋਵੇਗੀ। ਉਹ ਪਹਿਲੀ ਭਾਰਤੀ ਮੂਲ ਦੀ ਔਰਤ ਹੈ ਜੋ ਅਮਰੀਕਾ ਦੇ ਦੂਜੇ ਸੱਭ ਤੋਂ ਤਾਕਤਵਰ ਅਹੁਦੇ ’ਤੇ ਹੋਵੇਗੀ।
ਅਪਣੇ ਸੰਖੇਪ ਭਾਸ਼ਣ ਵਿਚ ਬਾਈਡਨ ਥੋੜ੍ਹੇ ਭਾਵੁਕ ਵੀ ਹੋਏ। ਉਨ੍ਹਾਂ ਨੇ ਕਿਹਾ, ‘‘ਇਹ ਭਾਵੁਕ ਪਲ ਹੈ। ਵਾਸ਼ਿੰਗਟਨ ਦੀ ਯਾਤਰਾ ਇਥੋਂ ਸ਼ੁਰੂ ਹੁੰਦੀ ਹੈ।’’ ਬਾਈਡਨ ਨੇ ਕਿਹਾ ਕਿ 12 ਸਾਲ ਪਹਿਲਾਂ ਬਰਾਕ ਓਬਾਮਾ ਨੇ ਇਕ ਗ਼ੈਰ ਗੋਰੇ ਉਪ ਰਾਸ਼ਟਰਪਤੀ ਦੇ ਤੌਰ ’ਤੇ ਮੇਰਾ ਸਵਾਗਤ ਕੀਤਾ ਸੀ ਅਤੇ ਹੁਣ ਮੈਂ ਬਤੌਰ ਰਾਸ਼ਟਰਪਤੀ ਦੱਖਣ ਏਸ਼ੀਆ ਮੂਲ ਦੀ ਗ਼ੈਰ ਗੋਰੀ ਬੀਬੀ ਕਮਲਾ ਹੈਰਿਸ ਦਾ ਉਪ ਰਾਸ਼ਟਰਪਤੀ ਦੇ ਤੌਰ ’ਤੇ ਸਵਾਗਤ ਕਰਾਂਗਾ।’’ ਬਾਈਡੇਨ ਨਾਲ ਉਨ੍ਹਾਂ ਦੀ ਪਤਨੀ ਜਿਲ ਬਾਈਡਨ ਅਤੇ ਪ੍ਰਵਾਰ ਦੇ ਹੋਰ ਮੈਂਬਰ ਵੀ ਹਨ।