ਬ੍ਰਿਸਬੇਨ : ਭਾਰਤ ਨੇ ਆਪਣੇ ਦੋ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ ਮੰਗਲਵਾਰ ਨੂੰ ਇੱਥੇ ਚੌਥੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਵਿਚ ਤਿੰਨ ਵਿਕਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਲੜੀ ਆਪਣੇ ਨਾਂ ਕਰਦਿਆਂ ਭਾਰਤ ਨੇ ਗਾਬਾ ਵਿਚ 32 ਸਾਲਾਂ ਤੋਂ ਚੱਲਿਆ ਆ ਰਿਹਾ ਆਸਟ੍ਰੇਲੀਆ ਦਾ ਦਬਦਬਾ ਵੀ ਖ਼ਤਮ ਕਰ ਦਿੱਤਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਖਿਡਾਰੀਆਂ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਸੀ। ਉਨ੍ਹਾਂ ਕਿਹਾ ਜਿੱਤ ਨਾਲ ਭਾਰਤ ਵਾਸੀਆਂ ਵਿੱਚ ਉਤਸ਼ਾਹ ਹੈ। ਭਾਰਤ ਨੇ ਐਡੀਲੇਡ ਵਿਚ ਪਹਿਲਾ ਟੈਸਟ ਮੈਚ ਹਾਰਨ ਤੋਂ ਬਾਅਦ ਚੰਗੀ ਵਾਪਸੀ ਕੀਤੀ ਤੇ ਆਸਟ੍ਰੇਲੀਆ ਨੂੰ ਲੜੀ ਵਿਚ 2-1 ਨਾਲ ਹਰਾ ਕੇ ਬਾਰਡਰ-ਗਾਵਸਕਰ ਟਰਾਫੀ ਆਪਣੇ ਨਾਂ ਕੀਤੀ। ਜ਼ਿਕਰਯੋਗ ਹੈ ਕਿ ਭਾਰਤ ਨੇ ਇਹ ਜਿੱਤ ਉਦੋਂ ਦਰਜ ਕੀਤੀ ਜਦੋਂ ਇਸ ਦੇ ਕਈ ਚੋਟੀ ਦੇ ਖਿਡਾਰੀ ਸੱਟ ਲੱਗਣ ਜਾਂ ਹੋਰ ਕਾਰਨਾਂ ਕਰ ਕੇ ਟੀਮ ਵਿੱਚ ਨਹੀਂ ਸਨ। ਮੈਚ ਦੌਰਾਨ ਗਿੱਲ ਸੈਂਕੜਾ ਨਹੀਂ ਲਾ ਸਕਿਆ ਪਰ ਉਸ ਨੇ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਦੋਂਕਿ ਪੰਤ ਨੇ ਨਾਬਾਦ 89 ਦੌੜਾਂ ਦੀ ਮਦਦ ਨਾਲ ਹਮਲਾਵਰ ਅਤੇ ਬਚਾਅ ਦੀ ਚੰਗੀ ਮਿਸਾਲ ਕਾਇਮ ਕੀਤੀ। ਭਾਰਤ ਦੇ ਸਾਹਮਣੇ 328 ਦੌੜਾਂ ਦਾ ਟੀਚਾ ਸੀ, ਟੀਮ ਨੇ ਤਿੰਨ ਵਿਕਟਾਂ ’ਤੇ 329 ਦੌੜਾਂ ਬਣਾ ਕੇ ਗਾਬਾ ਵਿਚ ਪਹਿਲੀ ਜਿੱਤ ਦਰਜ ਕੀਤੀ। ਆਸਟ੍ਰੇਲੀਆ
ਗਾਬਾ ਵਿਚ ਆਖ਼ਰੀ ਟੈਸਟ ਮੈਚ 1988 ਵਿੱਚ ਵੈਸਟਇੰਡੀਜ਼ ਤੋਂ ਹਾਰੀ ਸੀ। ਭਾਰਤ ਨੇ ਇਸ ਲੜੀ ਨਾਲ ਆਪਣਾ ਤੀਜਾ ਸਭ ਤੋਂ ਵੱਡਾ ਟੀਚਾ ਹਾਸਲ ਕੀਤਾ। ਇਸ ਜਿੱਤ ਵਿੱਚ ਭਾਰਤੀ ਗੇਂਦਬਾਜ਼ਾਂ ਦਾ ਵੀ ਅਹਿਮ ਯੋਗਦਾਨ ਰਿਹਾ।