ਪਠਾਨਕੋਟ : ਜ਼ਿਲ੍ਹੇ ਦੇ ਦੁਰੰਗਖੱਡ ਪਿੰਡ ਵਿਚ ਜ਼ਮੀਨੀ ਵਿਵਾਦ ਦੇ ਚਲਦਿਆਂ ਮਿੱਟੀ ਦਾ ਤੇਲ ਪਾ ਕੇ ਸਾੜੀ ਗਈ ਫ਼ੌਜੀ ਦੀ ਮਾਂ ਦਰਸ਼ਨਾ ਦੇਵੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੱਸ ਦਈਏ ਕਿ ਦਰਸ਼ਨਾਂ ਦੇਵੀ 85 ਫੀ ਸਦੀ ਝੁਲਸ ਗਈ ਸੀ ਅਤੇ ਮਿਲਟਰੀ ਹਸਪਤਾਲ ਵਿਚ ਜੇਰੇ ਇਲਾਜ ਸੀ। ਔਰਤ ਦਾ ਫ਼ੌਜੀ ਪੁੱਤਰ ਰਾਜੇਸ਼ ਇਨ੍ਹਾਂ ਦਿਨਾਂ ਭਾਰਤ-ਚੀਨ ਬਾਰਡਰ ’ਤੇ ਤੈਨਾਤ ਹੈ।
ਔਰਤ ਨੇ ਮੌਤ ਤੋਂ ਪਹਿਲਾਂ ਪੁਲਿਸ ਨੂੰ ਜੋ ਬਿਆਨ ਦਰਜ ਕਰਾਏ ਸੀ ਉਸ ਦਾ ਵੀਡੀਓ ਵਾਇਰਲ ਹੋ ਗਿਆ ਹੈ। ਵੀਡੀਓ ਵਿਚ ਮ੍ਰਿਤਕਾ ਨੇ ਗੁਆਂਢੀ ਭਗਵਾਨ ਦਾਸ, ਉਸ ਦੇ ਬੇਟੇ ਸਨੀ ਅਤੇ ਮੁਨੀਸ਼ ਨੂੰ ਜ਼ਿੰਮੇਵਾਰ ਦੱਸਿਆ ਸੀ। ਜ਼ਿਕਰਯੋਗ ਹੈ ਕਿ ਵਾਇਰਲ ਵੀਡੀਓ ਵਿਚ ਔਰਤ ਪੁਲਿਸ ਨੂੰ ਦੱਸ ਰਹੀ ਹੈ ਕਿ ਉਹ 14 ਜਨਵਰੀ ਦੀ ਸਵੇਰ ਗਾਂ ਦਾ ਦੁੱਧ ਕੱਢ ਰਹੀ ਸੀ। ਇਸ ਦੌਰਾਨ ਪਿਛਲੇ ਦਰਵਾਜ਼ੇ ਤੋਂ ਆਏ ਭਗਵਾਨ ਦਾਸ ਅਤੇ ਉਸ ਦੇ ਬੇਟਿਆਂ ਨੇ ਫੜ ਲਿਆ। ਤਿੰਨਾਂ ਨੇ ਉਸ ’ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਗੁਆਂਢੀ ਉਸ ਨੂੰ ਮਿਲਟਰੀ ਹਸਪਤਾਲ ਲੈ ਕੇ ਗਏ।
ਪੁਲਿਸ ਨੇ ਦਰਸ਼ਨਾ ਦੇਵੀ ਦੇ ਬਿਆਨ ’ਤੇ ਉਕਤ ਦੋਸ਼ੀਆਂ ਸਨੀ ਅਤੇ ਮੁਨੀਸ਼ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਹੁਣ ਕਤਲ ਦੀ ਧਾਰਾ ਵੀ ਜੋੜ ਦਿੱਤੀ ਹੈ। ਦਸਣਯੋਗ ਹੈ ਕਿ ਇਸ ਦੀ ਸ਼ਿਕਾਇਤ ਸ਼ਾਹਪੁਰ ਕੰਡੀ ਵਿਚ ਦਿੱਤੀ ਗਈ ਹੈ।