ਜਲੰਧਰ : ਪੰਜਾਬ ਦੇ ਜਲੰਧਰ 'ਚ ਵੱਡੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਲੁਟੇਰੇ ਗੰਨ ਪੁਆਇੰਟ 'ਤੇ ਲੱਖਾਂ ਰੁਪਏ ਦੀ ਨਕਦੀ ਲੁੱਟਕੇ ਫਰਾਰ ਹੋ ਗਏ। ਪੁਲਿਸ ਨੇ ਪੀੜਿਤ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਨੌਜਵਾਨ ਬੈਂਕ ਤੋਂ ਨਕਦੀ ਕਢਵਾ ਕੇ ਅਰੋੜਾ ਮਨੀ ਐਕਸਚੇਂਜ ਦੇ ਬਾਹਰ ਆਇਆ ਸੀ। ਮੋਟਰਸਾਈਕਲ ਸਵਾਰ 2 ਲੁਟੇਰੇ ਲਗਾਤਾਰ ਉਸ ਦਾ ਪਿੱਛਾ ਕਰ ਰਹੇ ਸਨ। ਨੌਜਵਾਨ ਜਦ ਬਾਹਰ ਰੁਕਿਆ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸਦੇ ਕਨਪਟੀ ’ਤੇ ਰਿਵਾਲਵਰ ਲਗਾ ਦਿੱਤੀ ਅਤੇ ਪੈਸਿਆ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ। ਇਸ ਵਾਰਦਾਤ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।