ਕੈਲੀਫੋਰਨੀਆ : ਵਾਸ਼ਿੰਗਟਨ, ਡੀ.ਸੀ. ਵਿੱਚ ਰਾਸ਼ਟਰਪਤੀ ਟਰੰਪ ਦੇ ਹਮਾਇਤੀਆਂ ਵਲੋਂ ਕੈਪੀਟਲ ਇਮਾਰਤ 'ਤੇ ਹਮਲਾ ਕਰਨ ਮਗਰੋਂ ਲੇਹ ਯੂਨੀਵਰਸਿਟੀ ਨੇ ਟਰੰਪ ਨੂੰ ਵੱਡਾ ਝਟਕਾ ਦਿੱਤਾ ਹੈ ਦੱਸ ਦਈਏ ਕਿ ਤਕਰੀਬਨ 30 ਸਾਲ ਪਹਿਲਾਂ ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਦਿੱਤੀ ਆਨਰੇਰੀ ਡਿਗਰੀ ਨੂੰ ਯੂਨੀਵਰਸਿਟੀ ਨੇ ਖਾਰਜ ਕਰ ਦਿੱਤਾ ਹੈ । ਪੈਨਸਿਲਵੇਨੀਆ ਦੇ ਬੈਥਲਹੇਮ ਦੀ ਇਸ ਨਿੱਜੀ ਯੂਨੀਵਰਸਿਟੀ ਲੇਹ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਲੇਹ ਯੂਨੀਵਰਸਿਟੀ ਟਰਸਟੀਜ਼ ਬੋਰਡ ਦੀ ਕਾਰਜਕਾਰੀ ਕਮੇਟੀ ਨੇ ਵੀਰਵਾਰ ਨੂੰ ਇੱਕ ਵਿਸ਼ੇਸ਼ ਸੈਸ਼ਨ ਵਿੱਚ, ਡੌਨਾਲਡ ਜੇ. ਟਰੰਪ ਨੂੰ 1988 ਵਿੱਚ ਦਿੱਤੀ ਗਈ ਆਨਰੇਰੀ ਡਿਗਰੀ ਨੂੰ ਵਾਪਸ ਅਤੇ ਰੱਦ ਕਰਨ ਲਈ ਵੋਟ ਦੇਣ ਉਪਰੰਤ ਯੂਨੀਵਰਸਿਟੀ ਦੇ ਬੋਰਡ ਆਫ ਟਰਸਟੀਜ਼ ਨੇ ਸ਼ੁੱਕਰਵਾਰ ਨੂੰ ਇਸ ਫੈਸਲੇ ਦੀ ਪੁਸ਼ਟੀ ਕੀਤੀ।
ਯੂਨੀਵਰਸਿਟੀ "ਚ ਵਿਦਿਆਰਥੀਆਂ ਦੇ ਇੱਕ ਅਖਬਾਰ ਅਨੁਸਾਰ ਟਰੰਪ ਦੀ ਆਨਰੇਰੀ ਡਿਗਰੀ ਨੂੰ ਵਾਪਸ ਲੈਣ ਲਈ ਹਾਲ ਹੀ ਵਿੱਚ ਕਈ ਪਟੀਸ਼ਨਾਂ ਆਈਆਂ ਸਨ ਅਤੇ ਬੋਰਡ ਆਫ਼ ਟਰੱਸਟ ਵੱਲੋਂ ਇਸ ਸੰਬੰਧੀ ਦਬਾਅ ਦਾ ਸਾਹਮਣਾ ਕੀਤਾ ਜਾ ਰਿਹਾ ਸੀ ਜਦਕਿ ਯੂਨੀਵਰਸਿਟੀ ਨੇ ਇਹ ਸਨਮਾਨ ਵਾਪਸ ਲੈਣ ਦੇ ਆਪਣੇ ਫੈਸਲੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਸਦੇ ਪ੍ਰੈਜੀਡੈਂਟ ਜੌਨ ਡੀ. ਸਾਈਮਨ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ 'ਚ ਏਕਤਾ ਲਿਆਉਣ ਲਈ ਅਜੇ ਬਹੁਤ ਕੁਝ ਕਰਨਾ ਹੈ। ਦੱਸ ਦਈਏ ਕਿ ਟਰੰਪ ਦੇ ਮਰਹੂਮ ਭਰਾ, ਫਰੈਡਰਿਕ ਟਰੰਪ ਜੂਨੀਅਰ ਵੀ ਲੇਹ ਯੂਨੀਵਰਸਿਟੀ ਦੇ ਹੀ ਗ੍ਰੈਜੂਏਟ ਸਨ। ਜ਼ਿਕਰਯੋਗ ਹੈ ਕਿ ਇਸ ਯੂਨੀਵਰਸਿਟੀ ਨੇ ਰਾਸ਼ਟਰਪਤੀ ਟਰੰਪ ਨੂੰ 1988 ਵਿੱਚ ਇਸ ਦੀ ਸ਼ੁਰੂਆਤ ਵੇਲੇ ਭਾਸ਼ਣ ਦੇਣ ਲਈ ਬੁਲਾਉਣ 'ਤੇ ਆਨਰੇਰੀ ਡਿਗਰੀ ਪ੍ਰਦਾਨ ਕਰ ਕੇ ਸਨਮਾਨ ਦਿੱਤਾ ਸੀ।