ਕਾਂਗੜਾ : ਨਵੇਂ ਸਾਲ ਵਿੱਚ ਇੱਕ ਵਾਰ ਫਿਰ ਹਿਮਾਚਲ 'ਚ ਭੁਚਾਲ ਦੇ ਝਟਕੇ ਲੱਗੇ ਹਨ। ਹੁਣ ਸੂਬੇ ਦੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ, ਸ਼ਾਹਪੁਰ, ਪਾਲਮਪੁਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਸ਼ਨੀਵਾਰ ਰਾਤ ਅੱਠ ਵੱਜ ਕੇ 21 ਮਿੰਟ 50 ਸਕਿੰਟ 'ਤੇ ਆਇਆ ਹੈ। ਰਿਕਟਰ ਪੈਮਾਨੇ ਉੱਤੇ ਭੂਚਾਲ ਦੀ ਤੀਵਰਤਾ 4.2 ਮਾਪੀ ਗਈ ਹੈ। ਦੱਸ ਦਈਏ ਕਿ ਨਵੇਂ ਸਾਲ ਵਿੱਚ ਇਹ ਤੀਜੀ ਭੂਚਾਲ ਦੀ ਘਟਨਾ ਹੈ। ਇਸ ਤੋਂ ਪਹਿਲਾਂ ਦੋ ਅਤੇ ਪੰਜ ਜਨਵਰੀ ਨੂੰ ਚੰਬਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਸ਼ਨੀਵਾਰ ਨੂੰ ਆਏ ਭੂਚਾਲ ਦਾ ਕੇਂਦਰ ਸ਼ਾਹਪੁਰ ਦੇ ਪਹਾੜੀ ਖੇਤਰ ਕਰੇਰੀ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਝਟਕੇ ਮਹਿਸੂਸ ਹੋਣ ਦੇ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਹਾਲਾਂਕਿ ਭੂਚਾਲ ਨਾਲ ਕਿਸੇ ਪ੍ਰਕਾਰ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।