ਪੰਚਕੂਲਾ : ਹਰਿਆਣਾ ਵਿਚ ਵੀ ਬਰਡ ਫਲੂ ਦੀ ਬਿਮਾਰੀ ਫੈਲਣ ਦੀ ਪੁਸ਼ਟੀ ਹੋਣ ਤੋਂ ਬਾਅਦ ਸਰਕਾਰ ਚੌਕਸ ਹੋ ਗਈ ਹੈ। ਰਾਜ ਸਰਕਾਰ ਨੇ ਪੰਚਕੂਲਾ ਜ਼ਿਲ੍ਹੇ ਦੇ ਦੋ ਪੋਲਟਰੀ ਫਾਰਮਾਂ ਦੇ ਪੰਛੀਆਂ ਵਿਚ ਐਚ 5 ਐਨ 8 ਮਿਲਣ ਤੋਂ ਬਾਅਦ ਇਕ ਕਿਲੋਮੀਟਰ ਦੇ ਘੇਰੇ ਵਿਚ ਸੰਕ੍ਰਮਿਤ ਜ਼ੋਨ ਅਤੇ ਇਕ ਤੋਂ 10 ਕਿਲੋਮੀਟਰ ਦੇ ਘੇਰੇ ਵਿਚ ਨਿਗਰਾਨੀ ਜ਼ੋਨ ਘੋਸ਼ਿਤ ਕੀਤਾ ਹੈ।
ਇਨ੍ਹਾਂ ਖੇਤਰਾਂ ਵਿਚੋਂ ਨਾ ਤਾਂ ਕੋਈ ਪੰਛੀ, ਨਾ ਹੀ ਆਂਡੇ ਅਤੇ ਖਾਣ ਲਈ ਦਾਣਾ ਬਾਹਰ ਜਾਵੇਗਾ। ਬਿਮਾਰੀ ਦੇ ਫੈਲਣ ਤੋਂ ਰੋਕਣ ਲਈ ਮਾਹਿਰਾਂ ਦੀ ਨਿਗਰਾਨੀ ਹੇਠ ਸੰਕਰਮਿਤ ਜ਼ੋਨ ਦੇ ਅੰਦਰ ਆਉਣ ਵਾਲੇ ਪੰਜ ਪੋਲਟਰੀ ਫਾਰਮਾਂ ਦੇ 1, 66, 128 ਪੰਛੀਆਂ ਨੂੰ ਮਾਰ ਕੇ ਮੁਆਵਜ਼ਾ ਦਿੱਤਾ ਜਾਵੇਗਾ।
ਹਰਿਆਣਾ ਦੇ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਜੈਪ੍ਰਕਾਸ਼ ਦਲਾਲ ਨੇ ਇਹ ਜਾਣਕਾਰੀ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਪੋਲਟਰੀ ਬਿਜ਼ਨਸ ਪ੍ਰਤੀ ਸੁਚੇਤ ਹੈ। ਪੰਚਕੂਲਾ ਜ਼ਿਲ੍ਹੇ ਦੇ ਪੋਲਟਰੀ ਫਾਰਮਾਂ ਵਿੱਚ ਬਿਮਾਰੀ ਕਾਰਨ ਪੰਛੀਆਂ ਦੀ ਮੌਤ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਮਹੀਨੇ ਦੌਰਾਨ ਵਿਭਾਗੀ ਜਾਂਚ ਦੌਰਾਨ ਇਨ੍ਹਾਂ ਪੋਲਟਰੀ ਫਾਰਮਾਂ ਵਿੱਚ ਤਕਰੀਬਨ 4 ਲੱਖ ਪੰਛੀਆਂ ਦੇ ਮਾਰੇ ਜਾਣ ਦੀ ਖ਼ਬਰ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਇਨ੍ਹਾਂ ਪੰਛੀਆਂ ਦੇ ਨਮੂਨੇ ਜਲੰਧਰ ਦੀ ਇੱਕ ਲੈਬ ਵਿੱਚ ਭੇਜੇ ਗਏ ਸਨ, ਪਰ ਉੱਥੋਂ ਰਿਪੋਰਟਾਂ ਨਾ ਮਿਲਣ ਕਾਰਨ ਨਮੂਨੇ ਭੋਪਾਲ ਦੀ ਇੱਕ ਲੈਬ ਵਿੱਚ ਜਾਂਚ ਲਈ ਭੇਜੇ ਗਏ ਸਨ। ਰਿਪੋਰਟ ਵਿਚ ਦੋ ਪੋਲਟਰੀ ਫਾਰਮਾਂ ਤੋਂ ਪੰਛੀਆਂ ਵਿਚ ਏਵੀਅਨ ਇਨਫਲੂਐਨਜ਼ਾ (ਐਚ 5 ਐਨ 8) ਦੀ ਪੁਸ਼ਟੀ ਹੋਈ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ ਬਰਡ-ਫਲੂ ਦੀ ਇਹ ਸਟ੍ਰੇਨ ਬਹੁਤ ਘਾਤਕ ਨਹੀਂ ਹੈ, ਪਰ ਸੂਬਾ ਸਰਕਾਰ ਨੇ ਪੰਚਕੂਲਾ ਦੇ ਪ੍ਰਭਾਵਤ ਪੋਲਟਰੀ ਫਾਰਮਾਂ ਲਈ ਇੱਕ ਸਾਵਧਾਨੀ ਉਪਾਅ ਵਜੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।