ਇਸਲਾਮਾਬਾਦ : ਪਾਕਿਸਤਾਨ ਵਿਚ ਸ਼ਨੀਵਾਰ ਦੇਰ ਰਾਤ ਅਚਾਨਕ ਪੂਰੇ ਦੇਸ਼ ਦੀ ਬੱਤੀ ਗੁੱਲ ਹੋ ਗਈ। ਊਰਜਾ ਮੰਤਰਾਲਾ ਨੇ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਕਿ ਪਾਵਰ ਟ੍ਰਾਂਸਮਿਸ਼ਨ ਸਿਸਟਮ ਦੀ ਫ੍ਰੀਕੁਵੈਂਸੀ ਵਿਚ ਅਚਾਨਕ 50 ਤੋਂ 0 ਦੀ ਗਿਰਾਵਟ ਆਉਣ ਕਾਰਨ ਦੇਸ਼ ਭਰ ਵਿਚ ਬੱਤੀ ਗੁੱਲ ਹੋ ਗਈ। ਮੰਤਰਾਲੇ ਮੁਤਾਬਕ ਇਹ ਤਕਨੀਕੀ ਖਰਾਬੀ ਰਾਤ ਨੂੰ ਲਗਭਗ 11.41 ਵਜੇ ਹੋਈ। ਮੰਤਰਾਲੇ ਮੁਤਾਬਕ ਇਸ ਦੇ ਕਾਰਨਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੰਤਰਾਲੇ ਨੇ ਉਸ ਦੌਰਾਨ ਲੋਕਾਂ ਨੂੰ ਸਬਰ ਰੱਖਣ ਲਈ ਕਿਹਾ ਹੈ। ਆਮ ਲੋਕਾਂ ਮੁਤਾਬਕ ਅਚਾਨਕ ਕਰਾਚੀ, ਇਸਲਾਮਾਬਾਦ, ਲਾਹੌਰ, ਪੇਸ਼ਾਵਰ, ਰਾਵਲਪਿੰਡੀ ਸਣੇ ਦੇਸ਼ ਦੇ ਸਾਰੇ ਮੁੱਖ ਸ਼ਹਿਰਾਂ ਵਿਚ ਬੱਤੀ ਗੁੱਲ ਰਹੀ। ਦੱਸਿਆ ਜਾ ਰਿਹਾ ਹੈ ਕਿ ਰਾਤ ਦੋ ਵਜੇ ਬਿਜਲੀ ਦੀ ਬਹਾਲੀ ਹੋਈ।