ਦੁਬਈ, (ਏਜੰਸੀ) : ਯੂ.ਏ.ਈ. ਦੇ ਆਬੂਧਾਬੀ 'ਚ ਇਕ ਭਾਰਤੀ ਵਿਅਕਤੀ ਨੇ 1.5 ਕਰੋੜ ਦਿਰਹਮ (40 ਲੱਖ ਡਾਲਰ) ਜਿੱਤੇ ਹਨ। ਸ਼ਾਰਜਾਹ 'ਚ ਰਹਿਣ ਵਾਲੇ ਸ਼ੋਜਿਤ ਕੇ ਐੱਸ ਸ਼ੁਕਰਵਾਰ ਨੂੰ ਆਬੂਧਾਬੀ ਡਿਊਟੀ ਫਰੀ ਡ੍ਰਾਅ ਦੇ ਜੇਤੂ ਰਹੇ। ਇਸ ਨੂੰ ਯੂ-ਟਿਊਬ 'ਤੇ ਵੀ ਪ੍ਰਸਾਰਿਤ ਕੀਤਾ ਗਿਆ।
ਸ਼ੋਜਿਤ ਨੇ ਇਕ ਅਪ੍ਰੈਲ ਨੂੰ ਆਨਲਾਈਨ ਟਿਕਟ ਖਰੀਦਿਆ ਸੀ ਪਰੰਤੂ ਉਨ੍ਹਾਂ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਉਹ ਜਿੱਤ ਗਏ ਹਨ। ਅਧਿਕਾਰੀਆਂ ਨੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਪਰ ਉਹ ਫੋਨ ਕੱਟਦੇ ਰਹੇ। ਹਰ ਮਹੀਨੇ ਆਬੂਧਾਬੀ ਇੰਟਰਨੈਸ਼ਨਲ ਏਅਰਪੋਰਟ 'ਤੇ ਲਾਟਰੀ ਦਾ ਆਯੋਜਨ ਕਰਨ ਵਾਲੇ ਰਿਚਰਡ ਨੇ 'ਖਲੀਜ਼ ਟਾਈਮਸ' ਨੂੰ ਦਸਿਆ ਕਿ ਸ਼ੋਜਿਤ ਜੇਕਰ ਫੋਨ ਨਾ ਚੁੱਕਦੇ ਤਾਂ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਸੰਪਰਕ ਕਰਨ ਦਾ ਵੀ ਇਰਾਦਾ ਸੀ। ਇਕ ਹੋਰ ਭਾਰਤੀ ਮੰਗੇਸ਼ ਮੇਂਡੇ ਡ੍ਰਾਅ 'ਚ ਬੀ.ਐੱਮ.ਡਬਲਿਊ. 220 ਆਈ ਕਾਰ ਦੇ ਵਿਜੇਤਾ ਰਹੇ। ਇਸ ਤੋਂ ਇਲਾਵਾ 8 ਹੋਰ ਭਾਰਤੀਆਂ ਤੇ ਇਕ ਪਾਕਿਸਤਾਨੀ ਨੂੰ ਵੀ ਕਾਂਸੁਲੇਸ਼ਨ ਪ੍ਰਾਈਜ਼ ਦਿਤੇ ਗਏ।