ਨਵੀਂ ਦਿੱਲੀ: ਕੋਰੋਨਾ ਵਿਚਾਲੇ ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਨਾਲ ਹੀ ਕੇਰਲ ਬਰਡ ਫਲੂ ਦੀ ਲਪੇਟ 'ਚ ਆ ਗਿਆ ਹੈ। ਉਕਤ ਸੂਬਿਆਂ 'ਚ ਪਿਛਲੇ ਕੁਝ ਦਿਨਾਂ 'ਚ ਹੀ ਸੈਂਕੜੇ ਪੰਛੀਆਂ ਦੀ ਮੌਤ ਹੋ ਗਈ ਹੈ। ਬਿਹਾਰ, ਝਾਰਖੰਡ ਤੇ ਉੱਤਰਾਖੰਡ 'ਚ ਸੂਬਾ ਸਰਕਾਰਾਂ ਨੇ ਚੌਕਸੀ ਵਰਤਦੇ ਹੋਏ ਅਲਰਟ ਜਾਰੀ ਕੀਤਾ ਹੈ।ਦੱਸਿਆ ਜਾਂਦਾ ਹੈ ਕਿ ਏਵੀਅਨ ਇੰਫਲੂਏਂਜ਼ਾ ਵਾਇਰਸ ਤੋਂ ਹੋਣ ਵਾਲੀ ਇਕ ਬਿਮਾਰੀ ਨਾਲ ਪੰਛੀ ਹੀ ਨਹੀਂ, ਮਨੁੱਖ ਵੀ ਪ੍ਰਭਾਵਿਤ ਹੋ ਸਕਦੇ ਹਨ। ਅਜਿਹੇ 'ਚ ਸਾਵਧਾਨੀ ਵਰਤਦੇ ਹੋਏ ਹਿਮਾਚਲ ਪ੍ਰਦੇਸ਼ 'ਚ ਮੱਛੀ, ਮੁਰਗੇ ਤੇ ਆਂਡਿਆਂ ਦੀ ਵਿਕਰੀ 'ਤੇ ਪਾਬੰਦੀ ਲਾ ਦਿੱਤੀ ਗਈ ਹੈ।
ਰਾਜਸਥਾਨ 'ਚ ਬਰਡ ਫਲੂ ਕਾਰਨ ਕਾਂਵਾਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਸੋਮਵਾਰ ਨੂੰ ਵੀ ਸੂਬੇ 'ਚ 110 ਪੰਛੀਆਂ ਦੀ ਮੌਤ ਹੋਈ ਹੈ। ਸੂਬੇ 'ਚ ਹੁਣ ਤਕ 500 ਤੋਂ ਜ਼ਿਆਦਾ ਕਾਵਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਚਿੰਤਤ ਰਾਜਪਾਲ ਕਲਰਾਜ ਮਿਸ਼ਰ ਨੇ ਸੂਬਾ ਸਰਕਾਰ ਦੇ ਖੇਤੀ ਮੰਤਰੀ ਲਾਲਚੰਦ ਕਟਾਰੀਆ ਤੋਂ ਬਰਡ ਫਲੂ 'ਤੇ ਕੰਟਰੋਲ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਮੰਗੀ ਹੈ। ਮੱਧ ਪ੍ਰਦੇਸ਼ 'ਚ ਬਰਡ ਫਲੂ ਦੇ ਮਾਮਲਿਆਂ ਦੀ ਸ਼ੁਰੂਆਤ ਇੰਦੌਰ ਸ਼ਹਿਰ ਤੋਂ ਹੋਈ ਸੀ। ਇਥੇ ਪਿਛਲੇ ਇਕ ਹਫਤੇ 'ਚ ਡੇਲੀ ਕਾਲਜ ਕੰਪਲੈਕਸ 'ਚ 148 ਕਾਂਵਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚ ਦੋ ਕਾਂਵਾਂ ਦੀਆਂ ਲਾਸ਼ਾਂ ਦੇ ਸੈਂਪਲ ਭੋਪਾਲ ਸਥਿਤ ਹਾਈ ਸਕਿਓਰਿਟੀ ਲੈਬ 'ਚ ਭੇਜੇ ਗਏ ਹਨ। ਉਨ੍ਹਾਂ 'ਚ ਬਰਡ ਫਲੂ ਦੇ ਵਾਇਰਸ ਦੀ ਪੁਸ਼ਟੀ ਹੋਈ ਸੀ। ਇੰਦੌਰ 'ਚ ਸਿਹਤ ਵਿਭਾਗ ਵਲੋਂ ਡੇਲੀ ਕਾਲਜ ਕੰਪਲੈਕਸ ਦੇ ਇਕ ਕਿਲੋਮੀਟਰ ਦੇ ਦਾਇਰੇ 'ਚ ਰਹਿਣ ਵਾਲੇ ਲੋਕਾਂ ਦੀ ਸਕਰੀਨਿੰਗ ਲਈ ਸਿਹਤ ਮੁਲਾਜ਼ਮਾਂ ਦੀ ਟੀਮ ਭੇਜੀ ਗਈ ਤੇ ਉੱਥੇ ਜਿਨ੍ਹਾਂ ਲੋਕਾਂ 'ਚ ਸਰਦੀ, ਖਾਂਸੀ ਤੇ ਬੁਖਾਰ ਦੇ ਲੱਛਣ ਮਿਲੇ ਹਨ, ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਇਸ ਤੋਂ ਇਲਾਵਾ ਮੰਦਸੌਰ ਜ਼ਿਲ੍ਹੇ 'ਚ ਵੀ ਬਰਡ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ।