ਮੈਲਬਰਨ : ਭਾਰਤੀ ਟੀਮ ਨੇ ਇਥੇ ਖਤਮ ਹੋਏ ਬਾਕਸਿੰਗ ਡੇਅ ਟੈਸਟ ਵਿਚ ਆਸਟ੍ਰੇਲੀਆ ਨੂੰ 08 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਮੈਚ ਭਾਰਤੀ ਕਪਤਾਨ ਅਜਿੰਕਿਆ ਰਹਾਣੇ ਲਈ ਬਹੁਤ ਖਾਸ ਰਿਹਾ। ਰਹਾਣੇ ਨੇ ਇਸ ਮੈਚ ਦੀਆਂ ਦੋਵਾਂ ਪਾਰੀਆਂ ਵਿਚ ਕ੍ਰਮਵਾਰ 112 ਅਤੇ 27 ਨਾਬਾਦ ਪਾਰੀ ਖੇਡੀ, ਜਿਸ ਲਈ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਵੀ ਚੁਣਿਆ ਗਿਆ। ਇਸ ਦੇ ਨਾਲ ਹੀ ਕ੍ਰਿਕਟ ਆਸਟ੍ਰੇਲੀਆ ਨੇ ਉਨ੍ਹਾਂ ਨੂੰ ਮੁਲਾਗ ਮੈਡਲ ਨਾਲ ਸਨਮਾਨਤ ਕੀਤਾ। ਰਹਾਣੇ ਇਹ ਮੈਡਲ ਪ੍ਰਾਪਤ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਹਨ।
ਧਿਆਨ ਯੋਗ ਹੈ ਕਿ ਇਹ ਖਾਸ ਤਗਮਾ 152 ਸਾਲ ਪਹਿਲਾਂ ਆਸਟਰੇਲੀਆ ਦੇ ਕਪਤਾਨ ਜੋਨੀ ਮੁਲਾਗ ਦੇ ਨਾਂ 'ਤੇ ਰੱਖਿਆ ਗਿਆ ਹੈ। ਮੁਲਾਗ 1868 ਵਿਚ ਪਹਿਲੀ ਵਾਰ ਵਿਦੇਸ਼ੀ ਦੌਰੇ ਲਈ ਆਸਟਰੇਲੀਆਈ ਟੀਮ ਦੇ ਕਪਤਾਨ ਸਨ। ਆਸਟਰੇਲੀਆ ਨੇ ਆਪਣਾ ਪਹਿਲਾ ਵਿਦੇਸ਼ੀ ਦੌਰਾ ਇੰਗਲੈਂਡ ਖ਼ਿਲਾਫ਼ ਕੀਤਾ ਸੀ। ਮੁਲਾਗ ਨੇ ਆਸਟਰੇਲੀਆ ਲਈ ਕੁੱਲ 45 ਟੈਸਟ ਮੈਚ ਖੇਡੇ ਹਨ, ਉਨ੍ਹਾਂਨੇ 1698 ਦੌੜਾਂ ਅਤੇ 257 ਵਿਕਟਾਂ ਲਈਆਂ ਹਨ। ਦੱਸ ਦੇਈਏ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਕ੍ਰਿਕਟ ਆਸਟ੍ਰੇਲੀਆ ਨੇ ਐਲਾਨ ਕੀਤਾ ਸੀ ਕਿ ਮੈਚ ਦੇ ਖਿਡਾਰੀ ਨੂੰ ਮੁਲਾਗ ਮੈਡਲ ਦਿੱਤਾ ਜਾਵੇਗਾ।
ਇਸ ਮੈਚ ਦੀ ਦੂਜੀ ਪਾਰੀ ਵਿੱਚ ਆਸਟਰੇਲੀਆ ਵੱਲੋਂ ਦਿੱਤਾ 70 ਦੌੜਾਂ ਦਾ ਟੀਚਾ ਭਾਰਤੀ ਟੀਮ ਨੇ 15.5 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਸ਼ੁਭਮਨ ਗਿੱਲ 35 ਦੌੜਾਂ ਬਣਾ ਕੇ ਨਾਬਾਦ ਸਨ ਅਤੇ ਕਪਤਾਨ ਅਜਿੰਕਿਆ ਰਹਾਣੇ ਨੇ 27 ਦੌੜਾਂ ਬਣਾਈਆਂ।