ਨਿਊਯਾਰਕ : ਅਮਰੀਕਾ 'ਚ ਸਿੱਖਾਂ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਜਦੋਂ ਭਾਈਚਾਰੇ ਦੇ 14 ਨੌਜਵਾਨਾਂ ਨੂੰ ਪੂਰਨ ਸਿੱਖੀ ਸਰੂਪ ਵਿਚ ਦੁਨੀਆਂ ਦੀ ਸਭ ਤੋਂ ਤਾਕਤਵਰ ਫ਼ੌਜ ਦਾ ਹਿੱਸਾ ਬਣਨ ਦੀ ਇਜਾਜ਼ਤ ਮਿਲ ਗਈ। 'ਸਿੱਖ ਅਮੈਰੀਕਨ ਵੈਟਰਨਜ਼ ਅਲਾਇੰਸ' ਨੇ ਦੱਸਿਆ ਕਿ ਨਿਊਯਾਰਕ ਦੇ ਕਿੰਗਜ਼ ਪਾਰਕ ਹਾਈ ਸਕੂਲ ਦਾ ਮਾਨਵ ਸੋਢੀ ਵੀ ਇਨ੍ਹਾਂ ਸਿੱਖ ਨੌਜਵਾਨਾਂ ਵਿਚ ਸ਼ਾਮਲ ਹੈ ਜੋ ਬਚਪਨ ਤੋਂ ਹੀ ਅਮਰੀਕੀ ਫ਼ੌਜ ਵਿਚ ਭਰਤੀ ਹੋਣ ਦਾ ਸੁਪਨਾ ਵੇਖ ਰਿਹਾ ਸੀ।
ਮਾਨਵ ਸੋਢੀ ਦੇ ਪੜਦਾਦਾ ਫ਼ੌਜ ਵਿਚ ਸਨ ਅਤੇ ਉਹ ਵੀ ਆਪਣੇ ਪੁਰਖਿਆਂ ਦੇ ਰਾਹ 'ਤੇ ਅੱਗੇ ਵਧਣਾ ਚਾਹੁੰਦਾ ਹੈ। ਭਾਵੇਂ ਇਹ ਪਹਿਲੀ ਵਾਰ ਨਹੀਂ ਕਿ ਕਿਸੇ ਸਿੱਖ ਨੂੰ ਸਾਬਤ ਸੂਰਤ ਰੂਪ ਵਿਚ ਅਮਰੀਕੀ ਫ਼ੌਜ ਦਾ ਹਿੱਸਾ ਬਣਨ ਦੀ ਇਜਾਜ਼ਤ ਮਿਲੀ ਹੋਵੇ ਪਰ ਹਾਈ ਸਕੂਲ ਪੂਰਾ ਹੋਣ ਤੋਂ ਪਹਿਲਾਂ ਹੀ ਇਹ ਮਾਣ ਹਾਸਲ ਕਰਨ ਵਾਲਾ ਮਾਨਵ ਸੋਢੀ ਪਹਿਲਾ ਸਿੱਖ ਨੌਜਵਾਨ ਹੈ ਅਤੇ 13 ਹੋਰ ਹਾਈ ਸਕੂਲਾਂ ਦੇ ਵਿਦਿਆਰਥੀ ਵੀ ਫ਼ੌਜ ਵਿਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਇਨ੍ਹਾਂ ਸਿੱਖ ਨੌਜਵਾਨਾਂ ਦੀ ਸਿਖਲਾਈ ਜੂਨ ਮਹੀਨੇ ਮਗਰੋਂ ਸ਼ੁਰੂ ਹੋ ਜਾਵੇਗੀ।