ਮੈਲਬੌਰਨ : ਆਸਟਰੇਲੀਆ ਖਿਲਾਫ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਜ਼ਖਮੀ ਹੋ ਗਏ ਹਨ। ਉਨ੍ਹਾਂ ਦੇ ਪਿਡਲੀ ਵਿੱਚ ਦਰਦ ਹੈ। ਉਮੇਸ਼ ਸੋਮਵਾਰ ਨੂੰ ਤੀਜੇ ਦਿਨ ਲੰਗੜਾਉਂਦੇ ਹੋਏ ਮੈਦਾਨ ਤੋਂ ਬਾਹਰ ਚਲੇ ਗਏ। ਆਪਣੇ ਚੌਥੇ ਓਵਰ ਦੀ ਤੀਜੀ ਗੇਂਦ ਸੁੱਟਣ ਤੋਂ ਬਾਅਦ ਉਮੇਸ਼ ਨੂੰ ਪੈਰ ਦੀ ਪਰੇਸ਼ਾਨੀ ਹੋਈ।
ਬੀਸੀਸੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਮੇਸ਼ ਨੂੰ ਪਿਡਲੀ ਵਿੱਚ ਦਰਦ ਹੈ ਅਤੇ ਹੁਣ ਉਨ੍ਹਾਂ ਦੀ ਜਾਂਚ ਕੀਤੀ ਜਾਏਗੀ। ਬੀਸੀਸੀਆਈ ਦੀ ਰਿਪੋਰਟ ਅਨੁਸਾਰ, "ਉਮੇਸ਼ ਨੇ ਆਪਣਾ ਚੌਥਾ ਓਵਰ ਸੁੱਟਦੇ ਹੋਏ ਪਿਡਲੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਉਨ੍ਹਾਂ ਦੀ ਜਾਂਚ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਕੀਤੀ। ਹੁਣ ਉਨ੍ਹਾਂ ਦੀ ਸਕੈਨਿੰਗ ਕੀਤੀ ਜਾਵੇਗੀ।"
ਉਨ੍ਹਾਂ ਨੇ ਦਿਨ ਦੇ ਦੂਜੇ ਸੈਸ਼ਨ ਵਿਚ ਆਸਟਰੇਲੀਆਈ ਸਲਾਮੀ ਬੱਲੇਬਾਜ਼ ਜੋ ਬਰਨਜ਼ ਨੂੰ ਆਉਟ ਕੀਤਾ ਅਤੇ ਉਸ ਤੋਂ ਬਾਅਦ ਜ਼ਖਮੀ ਹੋ ਗਏ। ਜੇਕਰ ਉਮੇਸ਼ ਮੈਦਾਨ 'ਤੇ ਨਹੀਂ ਉਤਰੇ ਤਾਂ ਇਹ ਭਾਰਤ ਲਈ ਵੱਡਾ ਝਟਕਾ ਹੋਵੇਗਾ ਕਿਉਂਕਿ ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਪਹਿਲਾਂ ਹੀ ਜ਼ਖਮੀ ਹਨ। ਇਸ਼ਾਂਤ ਸੱਟ ਲੱਗਣ ਕਾਰਨ ਆਸਟਰੇਲੀਆ ਨਹੀਂ ਆਇਆ ਸੀ। ਸ਼ਮੀ ਪਹਿਲੇ ਟੈਸਟ ਮੈਚ ਵਿੱਚ ਜ਼ਖਮੀ ਹੋ ਗਏ ਸਨ, ਜਿਸ ਕਾਰਨ ਉਹ ਟੈਸਟ ਸੀਰੀਜ਼ ਤੋਂ ਬਾਹਰ ਹਨ।