ਮੰਡੀ : ਉਪਮੰਡਲ ਕਰਸੋਗ ਤੋਂ ਲੱਗਭੱਗ 15 ਕਿਲੋਮੀਟਰ ਦੂਰ ਕੱਟੜਾ ਦੇ ਨੇੜੇ ਪਿੰਡ ਬਖਰਾਸ ਵਾਏਧਾਰ ਵਿੱਚ ਸ਼ਨੀਵਾਰ ਰਾਤ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸਰਬਜੀਤ ਸਿੰਘ ਦੇ ਫ਼ਾਰਮ ਹਾਉਸ 'ਤੇ ਅਚਾਨਕ ਅੱਗ ਲੱਗ ਗਈ। ਇਸ ਵਿੱਚ ਕਰੀਬ ਛੇ ਬੈੱਡਰੂਮ ਵਾਲਾ ਘਰ ਕੁਝ ਪਲਾਂ ਵਿੱਚ ਹੀ ਸੁਆਹ ਦੇ ਢੇਰ ਵਿੱਚ ਬਦਲ ਗਿਆ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਅੱਗ ਬੁਝਾਣ ਲਈ ਮੌਕੇ 'ਤੇ ਪਹੁੰਚੀ ਉਦੋਂ ਤੱਕ ਪੂਰਾ ਘਰ ਸਵਾਹ ਹੋ ਚੁੱਕਿਆ ਸੀ । ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰਵਾਰ ਦੇ ਮੈਬਰਾਂ ਦਾ ਜੋ ਵੀ ਕੀਮਤੀ ਸਾਮਾਨ ਅਤੇ ਇਲੈਕਟਰਾਨਿਕ ਸਮੱਗਰੀ ਘਰ ਵਿੱਚ ਮੌਜੂਦ ਸੀ, ਉਹ ਸਾਰੇ ਅੱਗ ਦੀ ਭੇਂਟ ਚੜ੍ਹ ਗਏ। ਇਸ ਹਾਦਸੇ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸਾਬਕਾ ਡੀਜੀਪੀ ਦੇ ਪਰਵਾਰ ਨਾਲ ਜੁੜੇ ਕੁੱਝ ਲੋਕ ਇਸ ਘਰ ਵਿੱਚ ਆਏ ਹੋਏ ਸਨ। ਇਸ ਵਿੱਚ ਅਚਾਨਕ ਅੱਗ ਲੱਗ ਗਈ, ਜਿਨ੍ਹੇ ਪਲ ਭਰ ਵਿੱਚ ਹੀ ਪੂਰੇ ਘਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਗਨੀਮਤ ਰਹੀ ਕਿ ਸਾਰੇ ਲੋਕ ਸਮਾਂ ਰਹਿੰਦੇ ਬਾਹਰ ਨਿਕਲ ਆਏ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਘਰ ਵਿਚੋਂ ਕੋਈ ਵੀ ਸਾਮਾਨ ਕੱਢਿਆ ਨਹੀਂ ਜਾ ਸਕਿਆ ਅਤੇ ਕੱਪੜੇ, ਬਿਸਤਰੇ, ਰਾਸ਼ਨ, ਬਰਤਨ ਆਦਿ ਸਾਰਾ ਨਿਜੀ ਸਾਮਾਨ ਅੱਗ ਦੀ ਭੇਂਟ ਚੜ੍ਹ ਗਿਆ। ਪੁਲਿਸ ਥਾਣਾ ਕਰਸੋਗ ਦੇ ਮੁਲਾਜ਼ਮ ਵੀ ਰਾਤ ਨੂੰ ਹੀ ਘਟਨਾ ਸਥਾਨ 'ਤੇ ਪਹੁੰਚ ਗਏ ਸਨ। ਉੱਧਰ, ਐੱਸਡੀਐੱਮ ਕਰਸੋਗ ਸੁਰਿੰਦਰ ਠਾਕੁਰ ਨੇ ਕਿਹਾ ਕਿ ਪੀੜਤ ਪਰਵਾਰ ਨੂੰ ਤੁਰੰਤ ਰਾਹਤ ਦੇ ਰੂਪ ਵਿੱਚ 10, 000 ਰੁਪਏ ਦੇ ਦਿੱਤੇ ਗਏ ਹਨ, ਜਦੋਂ ਕਿ ਪੂਰੇ ਨੁਕਸਾਨ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਉਥੇ ਹੀ, ਡੀਐੱਸਪੀ ਕਰਸੋਗ ਗੀਤਾਂਜਲੀ ਠਾਕੁਰ ਅਤੇ ਥਾਣਾ ਮੁਖੀ ਰੰਜਨ ਸ਼ਰਮਾ ਨੇ ਕਿਹਾ ਕਿ ਆਗਜਨੀ ਦੇ ਮਾਮਲੇ ਦੀ ਛਾਨਬੀਨ ਕੀਤੀ ਜਾ ਰਹੀ ਹੈ।