ਫਿਰੋਜ਼ਪੁਰ : ਸਥਾਨਕ ਪੁਲਿਸ ਨੇ ਕਰੋੜਾਂ ਰੁਪਏ ਦੀ ਕੀਮਤ ਦੀ ਹੈਰੋਇਨ ਸਣੇ ਤਸਕਰ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ 'ਚ ਤੈਨਾਇਤ ਏਐੱਸਆਈ ਅੰਗਰੇਜ ਸਿੰਘ ਗਸ਼ਤ 'ਤੇ ਸੀ।
ਇਸੇ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਅਰੁਨ ਕੁਮਾਰ ਵਾਸੀ ਸਿਰਸਾ (ਹਰਿਆਣਾ) ਅਤੇ ਮੋਹਨ ਲਾਲ ਵਾਸੀ ਸ੍ਰੀ ਮੁਕਤਸਰ ਸਾਹਿਬ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਅੱਜ ਹੈਰਇਨ ਵੇਚਣ ਲਈ ਗੁਰੂਹਰਸਹਾਏ ਵੱਲ ਜਾ ਰਹੇ ਹਨ। ਇਸ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਿੰਡ ਝੰਡੂ ਵਾਲਾ ਦੇ ਏਰੀਆ ਵਿਚ ਨਾਕਾਬੰਦੀ ਦੌਰਾਨ ਅਰੁਨ ਕੁਮਾਰ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਕੀਮਤ ਢਾਈ ਕਰੋੜ ਰੁਪਏ ਹੈ ਜਦਕਿ ਦੂਸਰਾ ਤਸਕਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਗੁਰੂਹਰਸਹਾਏ ਵਿਚ ਮੁਕੱਦਮਾ ਦਰਜ ਕਰਕੇ ਫਰਾਰ ਹੋਏ ਤਸਕਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।