ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨਾਂ ਦੇ ਖਦਸ਼ੇ ਪੰਜਾਬ ਵਿਚ ਪਹਿਲਾਂ ਹੀ ਸੱਚ ਸਾਬਤ ਹੋਣੇ ਸ਼ੁਰੂ ਹੋ ਗਏ ਹਨ ਕਿਉਂਕਿ ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀ ਸੀ ਆਈ) ਨੇ ਕਪਾਹ ਦੀ ਰੋਜ਼ਾਨਾ ਖਰੀਦ ਦੀ ਹੱਦ ਤੈਅ ਕਰ ਦਿੱਤੀ ਹੈ ਅਤੇ ਇਸ ਨਾਲ ਖਰੀਦ ਵਿਚ ਚਾਰ ਗੁਣਾ ਕਮੀ ਆ ਗਈ ਹੈ।
ਪ੍ਰਧਾਨ ਮੰਤਰੀ ਨੂੰ ਸੀ ਸੀ ਆਈ ਦੀ ਕਾਰਵਾਈ ਦਾ ਨੋਟਿਸ ਲੈਣੀ ਲਈ ਆਖਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਤੁਸੀਂ ਵਾਰ ਵਾਰ ਇਹ ਬਿਆਨ ਦੇ ਰਹੇ ਹੋ ਕਿ ਘੱਟ ਘੱਟ ਸਮਰਥਨ ਮੁੱਲ ਜਾਰੀ ਰਹੇਗਾ ਪਰ ਐਮਐਸਪੀ ’ਤੇ ਯਕੀਨੀ ਖਰੀਦ ਬਾਰੇ ਤੁਹਾਡੇ ਵੱਲੋਂ ਕੁਝ ਵੀ ਸਪਸ਼ਟ ਦੱਸਣ ਵਿਚ ਅਸਮਰਥ ਰਹਿਣ ਨਾਲ ਪਹਿਲਾਂ ਹੀ ਸਰਕਾਰੀ ਵਿਭਾਗਾਂ ’ਤੇ ਉਲਟ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੀਸੀਆਈ ਪਿਛਲੇ ਸਾਲ ਦੇ ਸ਼ਡਿਊਅਲ ਮੁਤਾਬਕ ਖਰੀਦ ਕਰਨ ਲਈ ਤਿਆਰ ਨਹੀਂ ਹੈ ਅਤੇ ਪੰਜਾਬ ਦੇ 7 ਜ਼ਿਲ੍ਹਿਆਂ ਦੀਆਂ ਮੰਡੀਆਂ ਵਿਚ ਰੋਜ਼ਾਨਾ 50 ਹਜ਼ਾਰ ਕੁਇੰਟਲ ਕਪਾਹ ਆਉਣ ’ਤੇ ਵੀ ਸਿਰਫ 12500 ਕੁਇੰਟਲ ਦੀ ਖਰੀਦ ਕਰਨ ਦੀ ਗੱਲ ਕਹਿ ਕੇ ਕਪਾਹ ਉਤਪਾਦਕ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀਆਂ ਦੇ ਰਹਿਮੋ ਕਰਮ ’ਤੇ ਛੱਡ ਰਹੀ ਹੈ।