ਲੰਡਨ : ਭਾਰਤ ਵਿਚ 2009 ਵਿਚ ਕਤਲ ਕੀਤੇ ਗਏ ਆਰਐੱਸਐੱਸ ਆਗੂ ਰੁਲਦਾ ਸਿੰਘ ਦੇ ਮਾਮਲੇ ਵਿਚ ਵੈਸਟ ਮਿਡਲੈਂਡ ਪੁਲਿਸ ਨੇ ਤਿੰਨ ਸਿੱਖ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ। ਵੈਸਟ ਮਿਡਲੈਂਡ ਪੁਲਿਸ ਨੇ ਹਵਾਲਗੀ ਵਾਰੰਟ ਦੇ ਆਧਾਰ 'ਤੇ ਸੋਮਵਾਰ ਸਵੇਰੇ ਛਾਪਾ ਮਾਰ ਕੇ ਇਨ੍ਹਾਂ ਤਿੰਨ ਸਿੱਖ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ। ਪੁਲਿਸ ਨੇ ਮੁਢਲੀ ਪੁੱਛਗਿੱਛ ਪਿੱਛੋਂ ਇਨ੍ਹਾਂ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ 'ਚ ਪੇਸ਼ ਕੀਤਾ ਜਿੱਥੋਂ ਸਖ਼ਤ ਸ਼ਰਤਾਂ ਸਮੇਤ ਇਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ।
ਵੈਸਟ ਮਿਡਲੈਂਡ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਗਏ ਤਿੰਨ ਨੌਜਵਾਨਾਂ ਵਿੱਚੋਂ ਦੋ ਦੀ ਉਮਰ 37 ਅਤੇ 40 ਸਾਲ ਹੈ ਜਦਕਿ ਤੀਜੇ ਦੀ ਉਮਰ 38 ਸਾਲ ਹੈ। ਇਨ੍ਹਾਂ ਸਾਰਿਆਂ ਨੂੰ ਵੂਲਵਰਹੈਂਪਟਨ ਤੋਂ ਗਿ੍ਫ਼ਤਾਰ ਕੀਤਾ ਗਿਆ।
ਪੁਲਿਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਦੀ ਗਿ੍ਫ਼ਤਾਰੀ 2009 ਵਿਚ ਭਾਰਤ ਵਿਚ ਆਰਐੱਸਐੱਸ ਆਗੂ ਦੇ ਕਤਲ ਦੇ ਕਥਿਤ ਦੋਸ਼ ਹੇਠ ਕੀਤੀ ਗਈ। ਯੂਕੇ ਦੀਆਂ ਕੁਝ ਸਿੱਖ ਜੱਥੇਬੰਦੀਆਂ ਨੇ ਕਿਹਾ ਇਹ ਗਿ੍ਫ਼ਤਾਰੀਆਂ ਗ੍ਹਿ ਮੰਤਰੀ ਪ੍ਰਰੀਤੀ ਪਟੇਲ ਦੇ ਆਦੇਸ਼ਾਂ 'ਤੇ ਕੀਤੀਆਂ ਹੋ ਸਕਦੀਆਂ ਹਨ। ਸਿੱਖ ਪ੍ਰਰੈੱਸ ਐਸੋਸੀਏਸ਼ਨ ਨੇ ਇਨ੍ਹਾਂ ਸਿੱਖ ਨੌਜਵਾਨਾਂ ਦੇ ਹੱਕ ਵਿਚ ਜਾਰੀ ਬਿਆਨ ਵਿਚ ਕਿਹਾ ਹੈ ਕਿ ਭਾਰਤ ਦੇ ਪਟਿਆਲਾ ਸ਼ਹਿਰ ਵਿਚ 2009 ਵਿਚ ਆਰਐੱਸਐੱਸ ਦੇ ਸੀਨੀਅਰ ਮੈਂਬਰ ਰੁਲਦਾ ਸਿੰਘ ਦੇ ਕਤਲ ਦੇ ਦੋਸ਼ ਵਿਚ ਇਹ ਗਿ੍ਫ਼ਤਾਰੀਆਂ ਕੀਤੀਆਂ ਗਈਆਂ ਹਨ। ਇਹ ਮਾਮਲਾ ਯੂਕੇ ਦੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਦੇ ਇਸ ਸਾਲ ਦੇ ਸ਼ੁਰੂ ਵਿਚ ਹੋਏ ਭਾਰਤ ਦੌਰੇ ਨਾਲ ਵੀ ਜੁੜਦਾ ਦਿਸ ਰਿਹਾ ਹੈ। ਸਿੱਖ ਫੈਡਰੇਸ਼ਨ ਦੇ ਚੇਅਰਮੈਨ ਅਮਰੀਕ ਸਿੰਘ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜੇਕਰ ਇਨ੍ਹਾਂ ਤਿੰਨਾਂ ਨੌਜਵਾਨਾਂ ਦੀ ਭਾਰਤ ਨੂੰ ਹਵਾਲਗੀ ਹੁੰਦੀ ਹੈ ਤਾਂ ਉੱਥੇ ਨਿਰਪੱਖ ਜਾਂਚ ਨਹੀਂ ਹੋਵੇਗੀ ਤੇ ਇਨ੍ਹਾਂ ਨੂੰ ਸਖ਼ਤ ਤਸੀਹੇ ਦਿੱਤੇ ਜਾਣਗੇ।