ਵਾਸ਼ਿੰਗਟਨ : ਆਲਮੀ ਅਲਾਮਤ ਕੋਰੋਨਾ ਵਾਇਰਸ ਨੂੰ ਰੋਕਣ ਲਈ ਟੀਕਾਕਰਨ ਦੀ ਮੁਹਿੰਮ ਜ਼ੋਰ ਸ਼ੋਰਾਂ ਤੇ ਚੱਲ ਰਹੀ ਹੈ। ‘ਆਪਰੇਸ਼ਨ ਵਾਰਪ ਸਪੀਡ’ ਦੇ ਅਧਿਕਾਰੀ ਜਨਰਲ ਗਸ ਪੇਰਨਾ ਨੇ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਸਾਰੇ ਸੂਬਿਆਂ ’ਚ ਟੀਕੇ ਦੀ ਖ਼ੁਰਾਕ ਦੇਣ ਦੀ ਰਫ਼ਤਾਰ ਚੰਗੀ ਹੈ ਅਤੇ ਕਾਫ਼ੀ ਗਿਣਤੀ ’ਚ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਨਾਲ ਜੁੜੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਕੋਵਿਡ 19 ਤੋਂ ਬਚਾਅ ਲਈ ਟੀਕੇ ਦੀ ਦੋ ਕਰੋੜ ਖ਼ੁਰਾਕ ਮੁਹਈਆ ਕਰਾਉਣ ਲਈ ਕੰਮ ਕੀਤਾ ਜਾ ਰਿਹਾ ਹੈ, ਪਰ ਕਿੰਨੀ ਜਲਦੀ ਲੋਕਾਂ ਨੂੰ ਇਹ ਟੀਕਾ ਲਗਾਇਆ ਜਾ ਸਕੇਗਾ ਇਹ ਸਪੱਸ਼ਟ ਨਹੀਂ ਹਨ। ਹਾਲਾਂਕਿ ਅਮਰੀਕਾ ’ਚ ਟੀਕਾਕਰਨ ਮੁਹਿੰਮ ਲਈ ਮੁੱਖ ਵਿਗਿਆਨਿਕ ਸਲਾਹਕਾਰ ਨੇ ਕਿਹਾ, ‘‘ਅਸੀ ਜੋ ਸੋਚਿਆ ਸੀ ਉਸ ਦੇ ਮੁਕਾਬਲੇ ’ਚ ਚਾਲ ਕੁੱਝ ਘੱਟ ਹੈ।’’ ਦੱਸ ਦਈਏ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਅਮਰੀਕਾ ’ਚ ਦਵਾਈ ਕੰਪਨੀ ਫ਼ਾਈਜ਼ਰ-ਬਾਇਓਨਟੈਕ ਅਤੇ ਮਾਡਰਨਾ ਦੇ ਟੀਕੇ ਦੀ ਸਪਲਾਈ ਕੀਤੀ ਜਾ ਰਹੀ ਹੈ।
ਬਿਮਾਰੀ ਰੋਕਥਾਮ ਅਤੇ ਨਿਵਾਰਨ ਕੇਂਦਰ (ਸੀਡੀਸੀ) ਦੇ ਅੰਕੜਿਆਂ ਮੁਤਾਬਕ ਬੁਧਵਾਰ ਸਵੇਰੇ ਤਕ 95 ਲੱਖ ਟੀਕਿਆਂ ਦੀ ਸਪਲਾਈ ਕਰ ਦਿਤੀ ਗਈ, ਜਿਸ ਵਿਚੋਂ ਕਰੀਬ ਦਸ ਲੱਖ ਖ਼ੁਰਾਕ ਲੋਕਾਂ ਨੂੰ ਦਿਤੀ ਜਾ ਚੁਕੀ ਹੈ। ਹਾਲਾਂਕਿ ਪੇਰਨਾ ਨੇ ਕਿਹਾ ਕਿ ਟੀਕਾਕਰਨ ਬਾਰੇ ’ਚ ਸੂਚਨਾਵਾਂ ਦੇਰੀ ਨਾਲ ਮੁਹਈਆ ਕਰਾਈ ਜਾ ਰਹੀ ਹੈ।