ਨਵੀਂ ਦਿੱਲੀ: ਸ੍ਰੀ ਗੁਰੂ ਨਾਨਾਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਦਿੱਗਜ ਕ੍ਰਿਕੇਟਰ ਕਪਿਲ ਦੇਵ ਅਤੇ ਦੁਬਈ ਦੇ ਉੱਦਮੀ ਅਜੇ ਸੇਠੀ ਦੇ ਵੱਲੋਂ 'ਵੀ ਦ ਸਿੱਖਜ਼' ਨਾਮ ਦੀ ਬੁੱਕ ਲਾਂਚ ਕੀਤੀ ਗਈ ਹੈ। ਇਸ ਬੁੱਕ ਲਾਂਚ ਦੇ ਵੇਲੇ ਕਪਿਲ ਦੇਵ ਨੇ ਸਿੱਖਾਂ ਦੀ ਤਾਰੀਫ ਕਰਦੇ ਕਿਹਾ ਕਿ ਪੂਰੀ ਦੁਨੀਆ ਵਿੱਚ ਸਿੱਖਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਸਿੱਖ ਧਰਮ ਤੋਂ ਕੁਝ ਨਾ ਕੁਝ ਸਿੱਖਣ ਦੀ ਮਿਸਾਲ ਦਿੱਤੀ ਹੈ। ਕਪਿਲ ਦੇਵ ਨੇ ਇਸ ਬੁੱਕ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 'ਵੀ ਦ ਸਿੱਖਜ਼' ਵਿੱਚ ਦੁਨੀਆ ਭਰ ਦੇ 100 ਗੁਰਦੁਆਰਿਆਂ ਦੀਆਂ ਅਸਲ ਪੇਂਟਿੰਗਜ਼ ਸ਼ਾਮਿਲ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਿਤਾਬ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਗੁਰੂ, ਇਤਿਹਾਸ, ਕਲਾਕ੍ਰਿਤੀਆਂ ਤੇ ਗੁਰਦੁਆਰੇ ਆਦਿ ਭਾਗ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖੀ ਜ਼ਿੰਦਗੀ ਲਈ ਸਭ ਤੋਂ ਉੱਤਮ ਰਾਹ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾਕਿ ਸਿੱਖੀ ਨਾਲ ਸਾਨੂੰ ਜਿਊਣ ਦੀ ਜਾਂਚ ਆਉਂਦੀ ਹੈ। ਜਿਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜ਼ਰੂਰਤਮੰਦਾਂ ਦੀ ਮਦਦ ਕਰਕੇ ਕਿਸ ਤਰਾਂ ਇੱਕ ਚੰਗਾ ਇਨਸਾਨ ਬਣਿਆ ਜਾਂਦਾ ਹੈ। ਤੁਹਾਨੂੰ ਇਥੇ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਵੱਲੋਂ ਵੀ ਸੁਲਤਾਨਪੁਰ ਲੋਧੀ ਵਿੱਚ ਇਸ ਕਿਤਾਬ ਦਾ ਲੋਕ ਅਰਪਣ ਕੀਤਾ ਸੀ।