ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ’ਚ ਮੋਦੀ ਕੈਪਟਨ ਆਪਸ 'ਚ ਰਲੇ
ਚੰਡੀਗੜ੍ਹ : ਪੰਜਾਬ ਦੀ ਹੋਂਦ ਦੀ ਲੜਾਈ ਲਈ ਚੱਲ ਰਹੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਵਾਸਤੇ ਵਿੱਤੀ ਮਦਦ, ਨੌਕਰੀ ਅਤੇ ਕਰਜ਼ਾ ਮੁਆਫੀ ਸਬੰਧੀ ਇਕ ਨੀਤੀ ਤਿਆਰ ਕਰਕੇ ਤੁਰੰਤ ਲਾਗੂ ਕੀਤੀ ਜਾਵੇ। ਇਹ ਆਮ ਆਦਮੀ ਪਾਰਟੀ ਪੰਜਾਬ ਨੇ ਕੈਪਟਨ ਸਰਕਾਰ ਤੋਂ ਕੀਤੀ ਹੈ। ਸੀਨੀਅਰ ਆਪ ਆਗੂ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਰਕਾਰ ਪੰਜਾਬ ਦੇ ਲੋਕਾਂ ਨਾਲ ਦੋਗਲੀ ਨੀਤੀ ਖੇਡ ਰਹੀ ਹੈ ਆਪਣੇ ਚਹੇਤਿਆਂ ਨੂੰ ਤਾਂ ਨੌਕਰੀਆਂ ਦੇਣ ਲਈ ਸਾਰੇ ਕਾਨੂੰਨਾਂ ਵਿੱਚ ਬਦਲਾ ਕਰ ਸਕਦੀ ਹੈ, ਪ੍ਰੰਤੂ ਪੰਜਾਬ ਦੀ ਕਿਸਾਨੀ ਤੇ ਖੇਤੀ ਬਚਾਉਣ ਲਈ ਲੜੇ ਜਾ ਰਹੇ ਅੰਦੋਲਨ ਦੇ ਸ਼ਹੀਦਾਂ ਲਈ ਨੀਤੀ ਤਿਆਰ ਨਹੀਂ ਕਰ ਸਕਦੀ।
ਅਰੋੜਾ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਕਿਸਾਨ ਅਤੇ ਕਿਰਤੀ ਦਿੱਲੀ-ਹਰਿਆਣਾ ਸਰਹੱਦ ਉੱਤੇ ਕੜਾਕੇ ਦੀ ਠੰਢ ਵਿਚ ਕਿਸਾਨ ਡਟੇ ਹੋਏ ਹਨ। ਠੰਢ ਕਾਰਨ ਵੱਡੀ ਗਿਣਤੀ ਲੋਕ ਬਿਮਾਰ ਹੋ ਰਹੇ ਹਨ ਅਤੇ ਜਾਨਾਂ ਜਾ ਰਹੀਆਂ ਹਨ। ਅੰਦੋਲਨ ਵਿਚ ਵੱਡੀ ਗਿਣਤੀ ਰੋਜ਼ਾਨਾ ਪੰਜਾਬ ਤੋਂ ਲੋਕਾਂ ਦੇ ਆਉਣ ਅਤੇ ਜਾਣ ਸਮੇਂ ਸੜਕ ਹਾਦਸੇ ਵਾਪਰ ਕਾਰਨ ਸ਼ਹੀਦੀਆਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ ਫੜ੍ਹੇ।
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੁਰੰਤ ਸ਼ਹੀਦਾਂ ਦੇ ਪਰਿਵਾਰਾਂ ਲਈ ਵਿੱਤੀ ਮਦਦ, ਨੌਕਰੀ ਅਤੇ ਸਾਰਾ ਕਰਜ਼ਾ ਮੁਆਫੀ ਦੀ ਨੀਤੀ ਬਣਾਏ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੇ ਮੰਤਰੀ ਮੰਡਲ ਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਪ੍ਰੰਤੂ ਇਨ੍ਹਾਂ ਮੀਟਿੰਗਾਂ ਵਿਚ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਬਾਰੇ ਕੋਈ ਚਰਚਾ ਕਰਕੇ ਕੋਈ ਨੀਤੀ ਨਾ ਬਣਾਉਣਾ ਬਹੁਤ ਦੁੱਖਦਾਇਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਚੁਣੀ ਗਈ ਕੈਪਟਨ ਸਰਕਾਰ ਅੱਜ ਸੱਤਾ ਦੇ ਨਸ਼ੇ ਵਿੱਚ ਆਪਣੇ ਲੋਕਾਂ ਨੂੰ ਹੀ ਭੁੱਲ ਗਈ ਹੈ।