ਨਵਾਂਸ਼ਿਹਰ : ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਵੱਲੋਂ ਜੀਓ ਕੰਪਨੀ ਦੇ ਮੋਬਾਇਲ ਸ਼ੋਰੂਮ ਨੂੰ ਬੰਦ ਕਰਵਾ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ। ਇਸਦੇ ਇਲਾਵਾ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ। ਬਲਾਚੌਰ ਸਥਿਤ ਜੀਓ ਸ਼ੋਰੂਮ ਨੂੰ ਤਾਲਾ ਲਗਾ ਕੇ ਬਾਹਰ ਖੜ੍ਹੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਸੁਖਵਿੰਦਰ ਸਿੰਘ ਬਾਸੀ ਮਹਿੰਦੀਪੁਰ, ਨੰਬਰਦਾਰ ਸੁਰਿੰਦਰ ਕੁਮਾਰ, ਮਹਿੰਦਰ ਪਾਲ ਰਾਣਾ ਡੇਅਰੀ ਵਾਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਆਪਣੇ ਅੱੜੀਅਲ ਵਤੀਰਾ ਛੱਡ ਕੇ ਕਿਸਾਨਾ ਦੇ ਹੱਕ ਵਿਚ ਖੜਦਿਆ ਇਨ੍ਹਾਂ ਕਿਸਾਨ ਮਾਰੂ ਬਿੱਲਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ।
ਕਿਉਕਿ ਇਸ ਨਾਲ ਆਉਣ ਵਾਲੇ ਸਮੇਂ ਵਿਚ ਕਿਸਾਨੀ ਬਿਲਕੁੱਲ ਤਬਾਹ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਦੇਸ਼ ਦੁਨੀਆ ਲਈ ਅੰਨ ਪੈਦਾ ਕਰਨ ਵਾਲੀ ਕਿਸਾਨੀ ਨੂੰ ਕੇਂਦਰ ਸਰਕਾਰ ਜੜ੍ਹੋ ਉਖਾੜਨਾ ਚਾਹੁੰਦੀ ਹੈ ਅਤੇ ਕਾਰਪੋਰਟ ਘਰਾਣਿਆ ਨੂੰ ਪੰਜਾਬ ਅੰਦਰ ਲਿਆ ਕੇ ਕਿਸਾਨਾ ਨੂੰ ਇਨ੍ਹਾਂ ਦੇ ਮੁੜ ਗੁਲਾਮ ਬਣਾਉਣਾ ਚਾਹੁੰਦੀ ਹੈ ਜੋ ਉਨ੍ਹਾਂ ਦੀ ਜਥੇਬੰਦੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ। ਕੇਂਦਰ ਦੀ ਮੋਦੀ ਸਰਕਾਰ ਨੂੰ ਆਖਿਆ ਕਿ ਉਹ ਜਲਦੀ ਤੋਂ ਜਲਦੀ ਇਨ੍ਹਾਂ ਲੋਕ ਮਾਰੂ ਅਤੇ ਕਿਸਾਨ ਮਾਰੂ ਕਾਨੂੰਨਾਂ ਨੂੰ ਵਾਪਸ ਲਵੇ ਤਾਂ ਜੋ ਕਿਸਾਨ ਆਪਣਾ ਸੰਘਰਸ਼ ਖਤਮ ਕਰਕੇ ਵਾਪਸ ਘਰਾਂ ਨੂੰ ਪਰਤ ਸਕਣ।