ਓਡੀਸ਼ਾ : ਚੱਕਰਵਤੀ ਤੂਫ਼ਾਨ ਫੇਨੀ ਓਡੀਸ਼ਾ ਦੇ ਤੱਟ 'ਤੇ ਪਹੁੰਚ ਗਿਆ ਹੈ। ਇੱਥੇ ਫੇਨੀ ਕਾਰਨ ਹਵਾ ਦੀ ਰਫ਼ਤਾਰ ਕਾਫ਼ੀ ਤੇਜ਼ ਹੋ ਗਈ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। 11 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ। ਆਫ਼ਤ ਪ੍ਰਬੰਧਨ ਦੀ ਟੀਮ ਤੂਫ਼ਾਨ ਨਾਲ ਨਜਿੱਠਣ ਲਈ ਤਿਆਰ ਹੈ। ਫੇਨੀ ਕਾਰਨ ਰੇਲ, ਸੜਕ ਅਤੇ ਹਵਾਈ ਆਵਾਜਾਈ ਵੀ ਠੱਪ ਹੋ ਗਈ ਹੈ। ਕੋਲਕਾਤਾ ਏਅਰਪੋਰਟ ਅਥਾਰਿਟੀ ਨੇ ਇਕ ਬਿਆਨ ਜਾਰੀ ਕਰ ਕਿਹਾ ਹੈ ਕਿ ਇੱਥੇ ਆਉਣ-ਜਾਣ ਵਾਲੀਆਂ ਉਡਾਨਾਂ ਸ਼ੁੱਕਰਵਾਰ ਦੁਪਹਿਰ 3 ਵਜੇ ਤੋਂ ਸ਼ਨਿਚਰਵਾਰ ਸਵੇਰੇ 8 ਵਜੇ ਤਕ ਰੱਦ ਕਰ ਦਿੱਤੀਆਂ ਗਈਆਂ ਹਨ। 100 ਤੋਂ ਜ਼ਿਆਦਾ ਟਰੇਨਾਂ ਰੱਦ ਹੋਈਆਂ ਹਨ। 160 ਕਿਮੀ ਲੀਟਰ ਤੋਂ ਜ਼ਿਆਦਾ ਬਾਰਿਸ਼ ਭੁਵਨੇਸ਼ਵਰ 'ਚ ਹੁਣ ਤਕ ਹੋ ਚੁੱਕੀ ਹੈ। ਹਜ਼ਾਰਾਂ ਦਰੱਖ਼ਤ ਪੁੱਟ ਹੋ ਗਏ ਹਨ। ਕੱਚੇ ਘਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਪਿਛਲੇ 43 ਸਾਲਾਂ 'ਚ ਅਪ੍ਰੈਲ ਮਹੀਨੇ 'ਚ ਭਾਰਤ ਦੇ ਗੁਆਂਢੀ ਸਮੁੰਦਰੀ ਖੇਤਰ 'ਚ ਉੱਠਿਆ ਇੰਨੀ ਤੀਬਰਤਾ ਦਾ ਇਹ ਪਹਿਲਾ ਤੂਫ਼ਾਨ ਹੈ।