ਗੁਰਦਾਸਪੁਰ : ਭਾਰਤ-ਪਾਕਿਸਤਾਨ ਸਰਹੱਦ 'ਤੇ ਗੁਰਦਾਸਪੁਰ ਵਾਲੇ ਖੇਤਰ 'ਚ ਡਰੋਨ ਰਾਹੀਂ ਖੇਤਾਂ 'ਚ ਸੁੱਟੇ ਹੋਏ 11 ਗ੍ਰੇਨੇਡ ਬਰਾਮਦ ਹੋਏ ਹਨ। ਜਿਨ੍ਹਾਂ ਨੂੰ ਥਾਣਾ ਦੋਰਾਂਗਲਾ ਦੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਥਾਣਾ ਦੋਰਾਂਗਲਾ ਮੁਖੀ ਜਸਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੱਕਰੀ ਪੋਸਟ ਨੇੜੇ BSF ਦੇ ਜਵਾਨਾਂ ਨੇ ਭਾਰਤ ਵਾਲੇ ਪਾਸੇ ਉਸ ਪਾਰ ਤੋਂ ਆਇਆ ਆਸਮਾਨ 'ਚ ਡਰੋਨ ਉਡਦਾ ਦੇਖਿਆ। ਹਰਕਤ ਵਿੱਚ ਆਏ ਜਵਾਨਾਂ ਨੇ ਫਾਇਰਿੰਗ ਕੀਤੀ 'ਤੇ ਡਰੋਨ ਗਾਇਬ ਹੋ ਗਿਆ। ਸੋਮਵਾਰ ਤੜਕੇ BSF ਵੱਲੋਂ ਥਾਣਾ ਦੋਰਾਂਗਲਾ ਪੁਲਿਸ ਨੂੰ ਸੂਚਿਤ ਕੀਤਾ ਗਿਆ। BSF ਤੇ ਥਾਣਾ ਦੋਰਾਂਗਲਾ ਦੀ ਪੁਲਿਸ ਵੱਲੋਂ ਪਿੰਡ ਮਿਆਨੀ, ਸਲਾਚ, ਚੱਕਰੀ ਪੋਸਟ ਦੇ ਆਸਪਾਸ ਦੇ ਇਲਾਕੇ 'ਚ ਚਲਾਏ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਡਰੋਨ ਤੋਂ ਡਿੱਗਿਆ ਇੱਕ ਪੈਕਟ ਮਿਲਿਆ ਜਿਸ ਵਿੱਚੋਂ 11 ਗ੍ਰੇਨੇਡ ਮਿਲੇ ਹਨ। ਥਾਣਾ ਦੋਰਾਂਗਲਾ ਪੁਲਿਸ ਨੇ ਉਕਤ ਗ੍ਰੇਨੇਡ ਵਾਲਾ ਪੈਕੇਟ ਕਬਜ਼ੇ ਵਿੱਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ BSF ਦੀ ਫਾਇਰਿੰਗ ਦੌਰਾਨ ਡਰੋਨ ਵੀ ਜ਼ਮੀਨ 'ਤੇ ਡਿੱਗਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਖਬਰ ਲਿਖੇ ਜਾਣ ਤੱਕ ਡਰੋਨ ਨੂੰ ਲੱਭਣ ਲਈ ਸਰਚ ਮੁਹਿੰਮ ਜਾਰੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।