ਐਡੀਲੇਡ : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਆਸਟਰੇਲੀਆ ਖਿਲਾਫ ਐਡੀਲੇਡ ਵਿਚ ਪਹਿਲੇ ਟੈਸਟ ਦੇ ਤੀਜੇ ਦਿਨ ਜ਼ਖਮੀ ਹੋ ਗਏ, ਜਿਸ ਕਾਰਨ ਦੂਜੇ ਟੈਸਟ ਵਿਚ ਉਨ੍ਹਾਂ ਦੇ ਖੇਡਣ ਨੂੰ ਲੈ ਕੇ ਸ਼ੰਕਾ ਹੈ। ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਦੇ ਸਮੇਂ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੇ ਇਕ ਬਾਉਂਸਰ ਨੇ ਸ਼ਮੀ ਦੀ ਗੁੱਟ 'ਤੇ ਸੱਟ ਮਾਰੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਟਾਇਰਡ ਹਰਟ ਹੋ ਕੇ ਮੈਦਾਨ ਤੋਂ ਬਾਹਰ ਜਾਣਾ ਪਿਆ।
ਦੂਸਰੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ ਜ਼ਖ਼ਮੀ ਹੋਣ ਤੋਂ ਬਾਅਦ ਸ਼ਮੀ ਮੈਦਾਨ 'ਤੇ ਗੇਂਦਬਾਜ਼ੀ ਲਈ ਵੀ ਨਹੀਂ ਉਤਰ ਸਕੇ। ਮੈਚ ਤੋਂ ਬਾਅਦ ਉਨ੍ਹਾਂ ਦੀ ਸੱਟ ਸਬੰਧੀ ਗੱਲ ਕਰਦਿਆਂ ਕੋਹਲੀ ਨੇ ਕਿਹਾ, ਸ਼ਮੀ ਨੂੰ ਲੈ ਕੇ ਫਿਲਹਾਲ ਤਾਂ ਕੋਈ ਖ਼ਬਰ ਨਹੀਂ ਹੈ, ਹੁਣ ਉਹ ਸਕੈਨ ਲਈ ਜਾਣਗੇ। ਉਹ ਬਹੁਤ ਹੀ ਜ਼ਿਆਦਾ ਦਰਦ ਵਿਚ ਸਨ, ਆਪਣੇ ਬਾਂਹ ਵੀ ਨਹੀਂ ਚੁੱਕ ਪਾ ਰਹੇ ਸਨ। ਅਸੀਂ ਸ਼ਾਮ ਨੂੰ ਹੀ ਜਾਣ ਸਕਾਂਗੇ ਕਿ ਉਨ੍ਹਾਂ ਨੂੰ ਕੀ ਹੋਇਆ ਹੈ।
ਦੱਸ ਦੇਈਏ ਕਿ ਡੇ-ਨਾਈਟ ਟੈਸਟ ਮੈਚ ਦੇ ਤੀਜੇ ਦਿਨ ਆਸਟਰੇਲੀਆ ਨੇ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ।