ਲੁਧਿਆਣਾ : ਜਗਰਾਉਂ ਖੇਤਰ ਦੇ 5 ਨੌਜਵਾਨਾਂ ਵੱਲੋਂ ਭੈਣ ਨੂੰ ਮਹਿੰਦੀ ਲਗਾਉਣ ਦੇ ਬਹਾਨੇ ਇੱਕ ਔਰਤ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਦੋਸ਼ ਤਹਿਤ ਜਗਰਾਉਂ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਦਕਿ ਇਕ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਕਾਰ, ਖੋਹਿਆ ਮੋਬਾਈਲ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਵਰਿੰਦਰ ਸਿੰਘ ਉਰਫ਼ ਵਿੱਕੀ, ਸੁਖਵਿੰਦਰ ਸਿੰਘ, ਤਲਜਿੰਦਰਦੀਪ ਸਿੰਘ ਅਤੇ ਖੁਸ਼ਪ੍ਰੀਤ ਸਿੰਘ ਉਰਫ਼ ਖੁਸ਼ ਅਤੇ ਫਰਾਰ ਮੁਲਜ਼ਮ ਜਸਕਰਨ ਸਿੰਘ ਉਰਫ਼ ਜਸ ਉਰਫ਼ ਮਨੀ ਵਜੋਂ ਕੀਤੀ ਹੈ।
ਇਹ ਔਰਤ ਲੁਧਿਆਣਾ ਦੇ ਹੈਬੋਵਾਲ ਖੇਤਰ ਦੀ ਰਹਿਣ ਵਾਲੀ ਹੈ ਅਤੇ ਵਿਆਹ ਦੀਆਂ ਰਸਮਾਂ ਅਤੇ ਹੋਰ ਸਮਾਗਮਾਂ ਦੌਰਾਨ ਮਹਿੰਦੀ ਲਗਾਉਣ ਦਾ ਕੰਮ ਕਰਦੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਔਰਤ ਨੇ ਕਿਹਾ ਕਿ ਉਸ ਦੀ ਪਛਾਣ ਜਸਕਰਨ ਨਾਲ ਹੋਈ। ਦੋਸ਼ੀ ਨੇ ਉਸ ਨੂੰ ਬੁਲਾਇਆ ਅਤੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਹੈ ਇਸ ਲਈ ਬਹੁਤ ਸਾਰੇ ਲੋਕਾਂ ਨੇ ਮਹਿੰਦੀ ਲਗਵਾਉਣੀ ਹੈ ਅਤੇ ਉਸ ਦਾ ਦੋਸਤ ਆ ਕੇ ਉਸ ਨੂੰ ਲੈ ਜਾਵੇਗਾ ਅਤੇ ਦੋਸ਼ੀ ਨੇ ਉਸ ਨੂੰ MBD ਮਾਲ ਦੇ ਬਾਹਰ ਆਉਣ ਲਈ ਕਿਹਾ। ਉਸ ਨੇ ਕਿਹਾ ਕਿ ਉਹ ਮੌਕੇ ’ਤੇ ਹੀ ਭੁਗਤਾਨ ਕਰਵਾ ਲਵੇਗਾ। ਪੀੜਤ ਦੇ ਪਤੀ ਨੇ ਉਸ ਨੂੰ MBD ਮਾਲ ਦੇ ਕੋਲ ਛੱਡ ਦਿੱਤਾ। ਉਥੇ ਦੋ ਨੌਜਵਾਨ ਇਕ ਕਾਲੇ ਰੰਗ ਦੀ ਆਲਟੋ ਕਾਰ ਵਿਚ ਆਏ ਅਤੇ ਉਨ੍ਹਾਂ ਨੇ ਜਸਕਰਨ ਨਾਲ ਫੋਨ 'ਤੇ ਗੱਲ ਕਰਵਾ ਦਿੱਤੀ ।
ਮੁਲਜ਼ਮ ਉਸ ਨੂੰ ਮੰਡਿਆਣੀ ਰੋਡ 'ਤੇ ਇਕ ਕੋਠੀ ਲੈ ਗਏ ਜਿੱਥੇ ਦੋਸ਼ੀ ਉਸ ਨਾਲ ਬਦਸਲੂਕੀ ਅਤੇ ਕੁੱਟਮਾਰ ਕਰਨ ਲੱਗੇ। ਜਦੋਂ ਉਹ ਆਪਣੇ ਪਤੀ ਨੂੰ ਬੁਲਾਉਣ ਲੱਗੀ ਤਾਂ ਮੁਲਜ਼ਮ ਨੇ ਉਸ ਦਾ ਮੋਬਾਈਲ ਅਤੇ ਹੋਰ ਸਮਾਨ ਵੀ ਖੋਹ ਲਿਆ। ਮੁਲਜ਼ਮਾਂ ਨੇ ਉਸ ਨਾਲ ਜਬਰਦਸਤੀ ਬਲਾਤਕਾਰ ਕੀਤਾ। ਜਦੋਂ ਉਸ ਨੇ ਬਚਾਅ ਲਈ ਬਹੁਤ ਰੌਲਾ ਪਾਇਆ ਤਾਂ ਮੁਲਜ਼ਮਾਂ ਨੇ ਧਮਕੀ ਦਿੱਤੀ ਅਤੇ ਕਿਹਾ ਕਿ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਨੇੜੇ ਕੋਈ ਘਰ ਨਹੀਂ ਸੀ।
ਬਾਅਦ ਵਿਚ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰੋਜ਼ਪੁਰ ਰੋਡ 'ਤੇ ਸਥਿਤ ਮਾਲ ਦੇ ਬਾਹਰ ਸੁੱਟ ਕੇ ਫਰਾਰ ਹੋ ਗਏ । DSP ਗੁਰਬੰਸ ਸਿੰਘ ਬੈਂਸ ਅਤੇ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਔਰਤਦਾ ਮੈਡੀਕਲ ਹੋਣ ਮਗਰੋਂ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਜਾਣਗੇ ਅਤੇ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।