ਮੁੰਬਈ : ਸੁਰਾਂ ਦੀ ਮਲਿੱਕਾ ਲਤਾ ਮੰਗੇਸ਼ਕਰ 91 ਸਾਲ ਦੀ ਉਮਰ ਵਿਚ ਵੀ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੀ ਹੈ ਅਤੇ ਅਕਸਰ ਹੀ ਆਪਣੀ ਜ਼ਿੰਦਗੀ ਨਾਲ ਜੁੜੀਆਂ ਯਾਦਾਂ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ, ਬਜ਼ੁਰਗ ਗਾਇਕਾ ਨੇ ਟਵਿੱਟਰ ਦੇ ਜ਼ਰੀਏ ਪ੍ਰਸ਼ੰਸਕਾਂ ਨਾਲ ਆਪਣੀ ਜ਼ਿੰਦਗੀ ਬਾਰੇ ਇੱਕ ਅਣਸੁਣੀ ਕਹਾਣੀ ਸਾਂਝੀ ਕੀਤੀ ਹੈ। ਲਤਾ ਮੰਗੇਸ਼ਕਰ ਨੇ ਟਵੀਟ ਕਰ ਆਪਣੀ ਜ਼ਿੰਦਗੀ ਨਾਲ ਜੁੜੇ ਅੱਜ ਤੋਂ 79 ਸਾਲ ਪਹਿਲਾਂ ਦਾ ਇਕ ਕਿੱਸਾ ਸ਼ੇਅਰ ਕੀਤਾ ਹੈ, ਜਦੋਂ ਉਨ੍ਹਾਂ ਨੇ ਪਹਿਲੀ ਵਾਰ ਰੇਡੀਓ 'ਤੇ ਗਾਇਆ ਸੀ। ਆਪਣੇ ਟਵੀਟ ਵਿੱਚ ਲਤਾ ਮੰਗੇਸ਼ਕਰ ਨੇ ਲਿਖਿਆ - ‘ਮੈਂ ਅੱਜ ਤੋਂ 79 ਸਾਲ ਪਹਿਲਾਂ 16 ਦਸੰਬਰ, 1941 ਨੂੰ ਪਹਿਲੀ ਵਾਰ ਰੇਡੀਓ‘ ਤੇ ਗਾਇਆ ਸੀ। ਮੈਂ ਦੋ ਨਾਟ ਗੀਤ ਗਾਏ ਸਨ। ਜਦੋਂ ਮੇਰੇ ਪਿਤਾ ਨੇ ਇਹ ਸੁਣਿਆ ਤਾਂ ਉਹ ਬਹੁਤ ਖੁਸ਼ ਹੋਏ, ਉਨ੍ਹਾਂ ਨੇ ਮੇਰੀ ਮਾਂ ਨੂੰ ਕਿਹਾ ਕਿ ਅੱਜ ਮੈਂ ਲਤਾ ਨੂੰ ਰੇਡੀਓ 'ਤੇ ਸੁਣ ਕੇ ਬਹੁਤ ਖੁਸ਼ ਹੋਇਆ, ਹੁਣ ਮੈਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੈ।
ਲਤਾ ਮੰਗੇਸ਼ਕਰ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਕਰਯੋਗ ਹੈ ਕਿ ਲਤਾ ਮੰਗੇਸ਼ਕਰ ਨੇ ਸਿਰਫ ਪੰਜ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀਨਾਨਾਥ ਮੰਗੇਸ਼ਕਰ ਤੋਂ ਸੰਗੀਤ ਸਿੱਖਣਾ ਅਰੰਭ ਕੀਤਾ ਸੀ। 1942 ਵਿਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਲਤਾ ਨੇ ਆਪਣੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਈ। ਸਾਲ 1942 ਵਿਚ, ਲਤਾ ਨੇ ਇਕ ਮਰਾਠੀ ਫਿਲਮ 'ਕਿੱਟੀ ਹੱਸਲ' ਵਿਚ 'ਨਾਚੂ ਯਾ ਗਡੇ' ਗਾਣਾ ਗਾਇਆ ਸੀ, ਪਰ ਬਾਅਦ ਵਿਚ ਫਿਲਮ ਤੋਂ ਇਸ ਗਾਣੇ ਨੂੰ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਕੁਝ ਲੋਕਾਂ ਨੇ ਲਤਾ ਨੂੰ ਇਹ ਕਹਿੰਦੇ ਹੋਏ ਠੁਕਰਾ ਦਿੱਤਾ ਕਿ ਉਸ ਦੀ ਆਵਾਜ਼ ਬਹੁਤ ਪਤਲੀ ਹੈ।