ਮੋਦੀ ਸਰਕਾਰ 'ਤੇ ਧਰਮ ਦੇ ਨਾਮ ਹੇਠ ਵੰਡੀਆਂ ਪਾਉਣ ਦੇ ਦੋਸ਼
ਬਠਿੰਡਾ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਅੱਜ ਮੋਦੀ ਸਰਕਾਰ ਤੇ ਧਰਮ ਦੇ ਨਾਮ ਹੇਠ ਭਰਾਵਾਂ 'ਚ ਵੰਡੀਆਂ ਪਾਉਣ ਦੇ ਦੋਸ਼ ਲਾਏ। ਅੱਜ ਬਠਿੰਡਾ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਛੋਟੇ ਬਾਦਲ ਨੇ ਕਿਸਾਨਾਂ ਦੀ ਵਡਿਆਈ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਰਾਬਰ ਨਿਸ਼ਾਨੇ 'ਤੇ ਦੱਸਿਆ। ਉਨ੍ਹਾਂ ਮੋਦੀ ਸਰਕਾਰ ਨੂੰ ਹੰਕਾਰੀ ਰਵਈਏ ਦੀ ਧਾਰਨੀ ਕਰਾਰ ਦਿੰਦਿਆਂ ਕਿਸਾਨਾਂ ਦੀ ਗੱਲ ਸੁਣਨ ਦੀ ਨਸੀਹਤ ਵੀ ਦਿੱਤੀ ਅਤੇ ਆਪਣੀ ਰਿਵਾਇਤੀ 'ਕੁਰਬਾਨੀ' ਦਾ ਵੀ ਜਿਕਰ ਕੀਤਾ।
ਬਾਦਲ ਨੇ ਦਾਅਵਾ ਕੀਤਾ ਕਿ ਭਾਰਤੀ ਜੰਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਹਨ ਪਰ ਉਹ ਪਾਰਟੀ ਡਰੋਂ ਬੋਲ ਨਹੀਂ ਰਹੇ । ਉਨ੍ਹਾਂ ਆਖਿਆ ਕਿ ਜਿਨ੍ਹਾਂ ਨੇ ਖੇਤੀ ਕਾਨੂੰਨ ਬਣਵਾਏ ਹਨ ਉਨ੍ਹਾਂ ਨੇ ਕਦੇ ਖੇਤੀ ਹੀ ਨਹੀਂ ਕੀਤੀ ਹੈ । ਉਨ੍ਹਾਂ ਆਖਿਆ ਕਿ ਖੇਤੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਹੀਂ ਕੀਤੀ ਜਿਸ ਕਰ ਕੇ ਉਹ ਕਿਸਾਨਾਂ ਦੀ ਭਾਵਨਾ ਨੂੰ ਕਿਵੇਂ ਸਮਝ ਸਕਦੇ ਹਨ। ਉਨ੍ਹਾਂ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ BJP 'ਚ ਖੇਤੀ ਕਰਨ ਵਾਲਿਆਂ ਦੀ ਸਲਾਹ ਲੈਕੇ ਕਦਮ ਚੁੱਕਣ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਕਿਸਾਨਾਂ ਦੇ ਮਸਲਿਆਂ ਦਾ ਹੱਲ ਕਰਨ ਦੀ ਥਾਂ ਮੁਲਕ ਨੂੰ ਧਰਮ ਦੇ ਨਾਮ ਹੇਠ ਵੰਡਣ ਦੇ ਯਤਨ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਜੋ ਵੀ ਮੋਦੀ ਸਰਕਾਰ ਖ਼ਿਲਾਫ਼ ਬੋਲਦਾ ਹੈ ਉਸ ਨੂੰ 'ਟੁਕੜੇ ਟੁਕੜੇ ਗੈਂਗ' ਦਾ ਖਿਤਾਬ ਦੇ ਕੇ ਦੋਸ਼ ਧਰੋਹੀ ਕਰਾਰਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਭਾਈਚਾਰੇ ਅਤੇ ਅਮਨ ਸ਼ਾਂਤੀ ਬਗੈਰ ਤਰੱਕੀ ਨਹੀਂ ਕਰ ਸਕਦਾ ਹੈ।
ਕਾਂਗਰਸ ਦੇ ਧਰਨੇ ਸਬੰਧੀ ਸਵਾਲ ਦੇ ਜਵਾਬ 'ਚ ਸੁਖਬੀਰ ਬਾਦਲ ਨੇ ਕਿਹਾ ਕਿ ਸਭ ਤੋਂ ਵੱਡੀ ਫਰਾਡ ਕਾਂਗਰਸ ਹੈ ਜਿਸ ਨੇ ਖੇਤੀ ਕਾਨੂੰਨ ਬਨਵਾਉਣ 'ਚ ਅਹਿਮ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਖੇਤੀ ਕਾਨੂੰਨਾਂ ਵਾਸਤੇ ਪੰਜ ਮੁੱਖ ਮੰਤਰੀ ਦੀ ਕਮੇਟੀ ਬਣਾਈ ਗਈ ਸੀ ਜਿਸ ਚੋਂ ਪੰਜਾਬ ਨੂੰ ਬਾਹਰ ਰੱਖਿਆ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਨੂੰ ਸ਼ਾਮਲ ਨਾਂ ਕਰਨ ਬਾਰੇ ਇਤਰਾਜ ਜਤਾਉਂਦਿਆਂ ਕੇਂਦਰ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਆਖਿਆ ਕਿ ਅਕਾਲੀ ਦਲ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ, BJP ਤੇ ਆਮ ਆਦਮੀ ਪਾਰਟੀ (AAP) ਨੂੰ ਛੱਡ ਕੇ ਕਿਸੇ ਵੀ ਪਾਰਟੀ ਨਾਲ ਗੱਠਜੋੜ ਕਰ ਸਕਦਾ ਹੈ।
ਉਨ੍ਹਾਂ ਅੱਜ ਕਾਂਗਰਸ ਚੋਂ ਅਸਤੀਫਾ ਦੇਣ ਵਾਲੇ ਸਾਬਕਾ ਕੌਂਸਲਰ ਬੰਤ ਸਿੰਘ ਸਿੱਧੂ, ਸਾਬਕਾ ਕੌਸਲਰ ਬੀਬੀ ਸ਼ਿੰਦਰ ਕੌਰ ਸਿੱਧੂ, ਬੀਜੇਪੀ ਆਗੂ ਦਲਜੀਤ ਰੋਮਾਣਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਪੰਕਜ ਮਹੇਸ਼ਵਰੀ ਨੂੰ ਅਕਾਲੀ ਦਲ 'ਚ ਸ਼ਾਮਲ ਹੋਣ ਤੇ ਜੀ ਆਇਆਂ ਆਖਿਆ।ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਤੋ ਇਲਾਵਾ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ, ਬੁਲਾਰੇ ਚਮਕੌਰ ਸਿੰਘ ਮਾਨ, ਪ੍ਰੈਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ ਅਤੇ ਇਕਬਾਲ ਸਿੰਘ ਬਬਲੀ ਢਿੱਲੋ ਸਮੇਤ ਪਾਰਟੀ ਦੇ ਕੌਂਸਲਰ ਤੇ ਹੋਰ ਆਗੂ ਹਾਜ਼ਰ ਸਨ ।