ਵਾਸ਼ਿੰਗਟਨ : ਬਿੱਲ ਐਂਡ ਮਿਲਿੰਦਾ ਗੇਟਸ ਫਾਊਂਡੇਸ਼ਨ ਦੇ ਸਹਿ ਸੰਪਾਦਕ ਬਿਲ ਗੇਟਸ ਨੇ ਕੋਵਿਡ-19 ਦੇ ਮੱਦੇਨਜ਼ਰ ਕਿਹਾ ਕਿ ਅਗਲੇ 4-6 ਮਹੀਨੇ ਦਾ ਦੌਰ ਸਭ ਤੋਂ ਮਾੜਾ ਸਾਬਤ ਹੋ ਸਕਦਾ ਹੈ। ਬਿਲ ਗੇਟਸ ਮੁਤਾਬਕ ਅਗਲੇ 4-6 ਮਹੀਨਿਆਂ ਵਿੱਚ ਕੋਵਿਡ-19 ਮਹਾਮਾਰੀ ਹੋਰ ਦੋ ਲੱਖ ਜਾਨਾਂ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨਿਯਮਾਂ ਦੀ ਪਾਲਣਾ ਕਰਦਿਆਂ ਮਾਸਕ ਲਾਉਣ ਤੇ ਦੂਰੀ ਬਣਾ ਕੇ ਰੱਖਣ ਨੂੰ ਯਕੀਨੀ ਬਣਾਵਾਂਗੇ ਤਾਂ ਮੌਤਾਂ ਦੀ ਗਿਣਤੀ ਨੂੰ ਘਟਾ ਸਕਾਂਗੇ। ਉਹ ਇੱਥੇ ਸੀਐਨਐਨ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ 2015 ਵਿੱਚ ਜੋ ਭਵਿੱਖਬਾਣੀ ਕੀਤੀ ਸੀ, ਉਸ ਵਿੱਚ ਜ਼ਿਆਦਾ ਮੌਤਾਂ ਦਾ ਖਦਸ਼ਾ ਪ੍ਰਗਟਾਇਆ ਸੀ, ਪਰ ਹਾਲਤ ਉਨੀਂ ਮਾੜੀ ਨਹੀਂ ਹੋਈ, ਪਰ ਜਿਸ ਚੀਜ਼ ਨੇ ਮੈਨੂੰ ਹੈਰਾਨ ਕੀਤਾ, ਉਹ ਅਮਰੀਕਾ ਤੇ ਸਮੁੱਚੇ ਸੰਸਾਰ ਉਪਰ ਇਸ ਮਹਾਮਾਰੀ ਦਾ ਆਰਥਿਕ ਪ੍ਰਭਾਵ ਹੈ, ਜਿਸ ਬਾਰੇ ਮੈਂ ਭਵਿੱਖਬਾਣੀ ਨਹੀਂ ਕਰ ਸਕਿਆ। ਜ਼ਿਕਰਯੋਗ ਹੈ ਕਿ ਕੋਵਿਡ-19 ਨਾਲ ਦੁਨੀਆ ਭਰ ਵਿੱਚ ਹੁਣ ਤੱਕ 16.12 ਲੱਖ ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 7.22 ਕਰੋੜ ਤੋਂ ਵਧ ਲੋਕ ਪੀੜਤ ਹੋ ਚੁੱਕੇ ਹਨ। ਅਮਰੀਕਾ ਵਿੱਚ ਕੋਵਿਡ-19 ਨਾਲ 2.99 ਲੱਖ ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1.62 ਕਰੋੜ ਤੋਂ ਵਧ ਲੋਕ ਇਸ ਲਾਗ ਨਾਲ ਪ੍ਰਭਾਵਤ ਹੋਏ ਹਨ।