ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਕਿਸਾਨਾ ਦਾ ਸੰਘਰਸ਼ ਭਖਿਆ ਹੋਇਆ ਹੈ। ਅਜਿਹੇ ਵਿਚ ਦੇਸ਼ ਵਿਦੇਸ਼ ਤੋ ਵੀ ਕਿਸਾਨਾਂ ਨੂੰ ਸਹਿਯੋਗ ਮਿਲ ਰਿਹਾ ਹੈ। ਪੰਜਾਬੀ ਗਾਇਕ ਵੀ ਕਿਸਾਨਾਂ ਦੇ ਹੱਕ ਵਿਚ ਪੂਰੀ ਤਰ੍ਹਾਂ ਮੋਡੇ ਨਾ ਮੋਡਾ ਜੋੜ ਕੇ ਖੜ੍ਹੇ ਹਨ ਅਤੇ ਲੋਕਾਂ ਨੂੰ ਉਤਸ਼ਾਹਤ ਕਰ ਰਹੇ ਹਨ। ਇਸੇ ਲੜੀ ਵਿਚ ਰਣਜੀਤ ਬਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਪਹੁੰਚ ਕੇ ਬਹੁਤ ਸਕੂਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਥੇ ਤਿੰਨ ਵਾਰ ਆ ਚੁੱਕੇ ਹਨ ਕਿਉਂਕਿ ਕੰਮ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਪੰਜਾਬ ਮਨ ਨਹੀਂ ਲੱਗ ਰਿਹਾ।
ਬਾਵਾ ਨੇ ਕਿਹਾ ਕਿ ਲੋਕ ਤਨੋਂ ਮਨੋਂ ਪੰਜਾਬ ਦੀ ਹੋਂਦ ਬਚਾਉਣ ਲਈ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕ ਜਾਗਰੂਕ ਹਨ ਤੇ ਇਹ ਲਹਿਰ ਵਿਸ਼ਵ ਪਧਰੀ ਲੋਕਾਂ ਦੀ ਲਹਿਰ ਬਣ ਚੁੱਕੀ ਹੈ। ਜਿੰਨਾ ਮਰਜ਼ੀ ਜ਼ੋਰ ਲਗਾ ਲਿਆ ਜਾਵੇ, ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਗੁਰਦਾਸ ਮਾਨ ਬਾਰੇ ਗੱਲ ਕਰਦਿਆਂ ਰਣਜੀਤ ਬਾਵਾ ਨੇ ਕਿਹਾ ਕਿ ਉਨ੍ਹਾਂ ਨੇ ਇਕ-ਦੋ ਵਾਰ ਗੁਰਦਾਸ ਮਾਨ ਨਾਲ ਗੱਲ ਕੀਤੀ, ਉਹ ਬਹੁਤ ਟੁੱਟੇ ਹੋਏ ਸਨ।ਕਿਉ ਕਿ ਜਦੋ ਉਹ ਕਿਸਾਨੀ ਸੰਘਰਸ਼ ਵਿਚ ਆਏ ਸਨ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ, ਇਹ ਵਿਰੋਧ ਕਰਨ ਦਾ ਕਾਰਨ ਕਿਸਾਨ ਦਸਦੇ ਹਨ ਕਿ ਗੁਰਦਾਸ ਮਾਨ ਨੇ ਪੰਜਾਬੀ ਨੂੰ ਪਿਛੇ ਕਰ ਕੇ ਹਿੰਦੀ ਭਾਸ਼ਾ ਦੇ ਗੁਣ ਗਾਏ ਸਨ। ਰਣਜੀਤ ਬਾਵਾ ਨੇ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਇਸ ਸੰਘਰਸ਼ ਵਿਚ ਕੋਈ ਸਿਆਸੀ ਪਾਰਟੀ ਸ਼ਾਮਲ ਨਹੀਂ ਹੋਈ। ਸੰਘਰਸ਼ ਦੇ ਚਲਦਿਆਂ ਪੰਜਾਬ ਦੀ ਸਿਆਸਤ ਵੱਡੇ ਪੱਧਰ 'ਤੇ ਬਦਲੇਗੀ। ਹੁਣ ਪੰਜਾਬ ਵਿਚ ਗਾਇਕੀ ਵੀ ਬਦਲ ਗਈ ਹੈ। ਹੁਣ ਲੋਕ ਵੀ ਇਸ ਗਾਇਕੀ ਨੂੰ ਪ੍ਰਵਾਨ ਕਰ ਰਹੇ ਹਨ ਤੇ ਪਿਆਰ ਦੇ ਰਹੇ ਹਨ। ਹੋਰ ਵੀ ਕਈ ਚੀਜ਼ਾਂ 'ਚ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਇਹ ਜੋ ਵੀ ਹੋ ਰਿਹਾ ਹੈ ਇਸ ਵਿਚ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਕੇ ਮਾਮਲਾ ਇਥੇ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਲੋਕੀ ਸੱਚੇ ਸੁੱਚੇ ਅਤੇ ਭੋਲੇ ਹਨ ਪਰ ਜੇਕਰ ਇਨ੍ਹਾਂ ਦਾ ਹੱਕ ਕੋਈ ਖੋਹਣ ਦੀ ਕੋਸਿ਼ਸ਼ ਕਰਦਾ ਹੈ ਤਾਂ ਇਹ ਫਿਰ ਆਪਣੇ ਅਸਲੀ ਰੂਪ ਵਿਚ ਆ ਜਾਂਦੇ ਹਨ ਅਤੇ ਆਪਣਾ ਹੱਕ ਲੈ ਕੇ ਹੀ ਦਮ ਲੈਦੇ ਹਨ। ਇਸ ਲਈ ਭਾਰਤ ਦੀ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨਾਲ ਪੰਗਾ ਨਾ ਲਵੇ ਉਨ੍ਹਾਂ ਦੇ ਹੱਕ ਦੇ ਕੇ ਗੱਲ ਮੁਕਦੀ ਕਰੇ, ਇਸੇ ਵਿਚ ਸਾਡੇ ਸਾਰਿਆਂ ਦੀ ਭਲਾਈ ਹੈ।