ਮੁੰਬਈ : ਸਾਊਥ ਫ਼ਿਲਮ ਇੰਡਸਟਰੀ 'ਚ ਰੱਬ ਦੀ ਤਰ੍ਹਾਂ ਪੂਜੇ ਜਾਣ ਵਾਲੇ ਸੁਪਰਸਟਾਰ ਤੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਜਨੀਕਾਂਤ ਦਾ ਅੱਜ ਜਨਮਦਿਨ ਹੈ। ਦੱਸ ਦਈਏ ਕਿ ਉਨ੍ਹਾਂ ਦਾ ਜਨਮ 12 ਦਸੰਬਰ 1950 ਨੂੰ ਬੈਂਗਲੁਰੂ 'ਚ ਹੋਇਆ ਸੀ। ਪੂਰੀ ਦੁਨੀਆ ਜਿਨ੍ਹਾਂ ਨੂੰ ਰਜਨੀਕਾਂਤ ਦੇ ਨਾਂ ਨਾਲ ਜਾਣਦੀ ਹੈ ਉਨ੍ਹਾਂ ਦਾ ਅਸਲ ਨਾਂ ਸ਼ਿਵਾਜੀ ਰਾਓ ਗਾਇਕਵਾੜ ਹੈ। ਰਜਨੀਕਾਂਤ ਅੱਜ ਜਿਸ ਮੁਕਾਮ 'ਤੇ ਹਨ, ਉਥੋਂ ਤੱਕ ਪਹੁੰਚਣ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ। ਰਜਨੀਕਾਂਤ ਦੇ 70ਵੇਂ ਜਨਮਦਿਨ 'ਤੇ ਉਨ੍ਹਾਂ ਦੀ ਜ਼ਿੰਦਗੀ ਦੀਆਂ ਅਜਿਹੀਆਂ ਗੱਲਾਂ ਜੋ ਸ਼ਾਇਦ ਤੁਹਾਨੂੰ ਪਤਾ ਨਾ ਹੋਣ ਆਓ ਜਾਣਦੇ ਹਾਂ।
ਰਜਨੀਕਾਂਤ ਦਾ ਜਨਮ ਇਕ ਗ਼ਰੀਬ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਮੋਜੀ ਰਾਓ ਗਾਇਕਵਾੜ ਸੀ ਤੇ ਉਹ ਪੇਸ਼ੇ ਤੋਂ ਇਕ ਹੌਲਦਾਰ ਸਨ। ਉਧਰ ਚਾਰ ਭੈਣ-ਭਰਾਵਾਂ 'ਚੋਂ ਰਜਨੀਕਾਂਤ ਸਭ ਤੋਂ ਛੋਟੇ ਸੀ। ਮਾਂ ਜੀਜਾਬਾਈ ਦੀ ਮੌਤ ਹੋ ਗਈ ਤੇ ਪਰਿਵਾਰ ਖਿੰਡਰ ਗਿਆ ਸੀ। ਘਰ ਦੀ ਆਰਥਿਕ ਸਥਿਤੀ ਬਹੁਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੇ ਕੁਲੀ ਦਾ ਕੰਮ ਸ਼ੁਰੂ ਕਰ ਦਿੱਤਾ। ਕਾਫ਼ੀ ਸਮੇਂ ਬਾਅਦ ਉਹ ਬੈਂਗਲੁਰੂ ਟਰਾਂਸਪੋਰਟ ਸੇਵਾ ; ਬੀ. ਟੀ. ਐੱਸ. 'ਚ ਬੱਸ ਕੰਡਕਟਰ ਬਣੇ।
ਰਜਨੀਕਾਂਤ ਨੇ ਬੇਸ਼ੱਕ ਹੀ ਵੱਖ-ਵੱਖ ਕਈ ਕੰਮ ਕੀਤੇ ਹੋਣ ਪਰ ਹਮੇਸ਼ਾ ਹੀ ਇਕ ਅਦਾਕਾਰ ਬਣਨ ਦੀ ਦਿਲੀ ਤਮੰਨਾ ਰਹੀ। ਇਸ ਦੀ ਵਜ੍ਹਾ ਕਾਰਨ ਹੀ ਉਨ੍ਹਾਂ ਨੇ 1973 'ਚ ਮਦਰਾਸ ਫ਼ਿਲਮ ਸੰਸਥਾ 'ਚ ਦਾਖ਼ਲਾ ਲਿਆ ਅਤੇ ਐਕਟਿੰਗ 'ਚ ਡਿਪਲੋਮਾ ਕੀਤਾ। ਰਜਨੀਕਾਂਤ ਨੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੰਨੜ ਨਾਟਕਾਂ ਤੋਂ ਕੀਤੀ ਸੀ।
ਦੱਸ ਦਈਏ ਕਿ ਅਦਾਕਾਰ ਨੇ ਤਾਮਿਲ ਫ਼ਿਲਮ ਇੰਡਸਟਰੀ 'ਚ ਐਂਟਰੀ ਕਰਨ ਤੋਂ ਪਹਿਲਾਂ ਤਾਮਿਲ ਭਾਸ਼ਾ ਦੀ ਸਿੱਖਿਆ ਲਈ ਸੀ। ਦੂਜੇ ਪਾਸੇ ਉਨ੍ਹਾਂ ਦੀ ਪਹਿਲੀ ਫ਼ਿਲਮ 'ਅਪੂਰਵਾ ਰਾਗਨਗਾਲ' ਸੀ। ਇਸ ਫ਼ਿਲਮ 'ਚ ਕਮਲ ਹਸਨ ਵੀ ਨਜ਼ਰ ਆਏ ਸਨ। ਇਸ ਨਾਲ ਹੀ ਰਜਨੀਕਾਂਤ ਨੇ ਸਾਊਥ ਫ਼ਿਲਮਾਂ 'ਚ ਆਪਣੀ ਧਾਕ ਜਮਾਉਣ ਤੋਂ ਬਾਅਦ ਬਾਲੀਵੁੱਡ 'ਚ ਐਂਟਰੀ ਮਾਰੀ। ਉਨ੍ਹਾਂ ਨੇ 80 ਦੇ ਦਹਾਕੇ 'ਚ ਫ਼ਿਲਮ 'ਅੰਧਾ ਕਾਨੂੰਨ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ।
ਇਸ ਤੋਂ ਬਾਅਦ ਉਹ ਹਿੰਦੀ ਭਾਸ਼ਾ ਫੈਨਜ਼ ਦੇ ਦਿਲਾਂ 'ਚ ਵੀ ਵਸ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿਟ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਜਿਨ੍ਹਾਂ ਵਿਚੋਂ, ਜਾਨ ਜਾਨੀ ਜਨਾਦਰਨ, ਭਗਵਾਨ ਦਾਦਾ, ਦੋਸਤੀ ਦੁਸ਼ਮਨੀ, ਇਨਸਾਫ ਕੋਨ ਕਰੇਗਾ, ਅਸਲੀ ਨਕਲੀ ਆਦਿ ਫ਼ਿਲਮਾਂ ਦਾ ਨਾਮ ਆਉਂਦਾ ਹੈ।
ਰਾਮੋਜੀ ਰਾਓ ਗਾਇਕਵਾੜ ਤੋਂ ਰਜਨੀਕਾਂਤ ਬਣੇ ਇਸ ਫ਼ਨਕਾਰ ਨੇ ਸਿੱਧ ਕਰ ਦਿੱਤਾ ਕਿ ਦਿਲੀ ਚਾਹਤ ਹੋਵੇ ਤਾਂ ਕੋਈ ਵੀ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ। ਇਸ ਮੁਕਾਮ ਲਈ ਉਨ੍ਹਾਂ ਨੇ ਅਣਥੱਕ ਮਿਹਨਤ ਕੀਤੀ ਅਤੇ ਜਿੱਥੇ ਬੁਲੰਦੀਆਂ ਨੂੰ ਛੂਹਿਆ ਉੱਥੇ ਹੀ ਹਨ ਇੱਕ ਦੇ ਦਿਲ ਤੇ ਰਾਜ਼ ਕੀਤਾ ਹੈ।