Friday, November 22, 2024
 

ਸਿਆਸੀ

ਸ਼੍ਰੋਮਣੀ ਅਕਾਲੀ ਦਲ ਦੀ ਚੇਤਾਵਨੀ, ਲਾਪਰਵਾਹੀ ਵਾਲਾ ਕੋਈ ਵੀ ਕਦਮ ਨਾ ਚੁੱਕੇ ਕੇਂਦਰ

December 11, 2020 09:36 AM

ਜਿਵੇਂ ਕਾਂਗਰਸ ਨੇ ਕੀਤਾ, ਉਸੇ ਤਰੀਕੇ ਕੌਮੀ ਏਕਤਾ ਕਮਜ਼ੋਰ ਨਾ ਕਰੋ 

ਜੇਕਰ ਤੁਸੀਂ ਹਰ ਧਾਰਾ ਬਦਲਣ ਲਈ ਤਿਆਰ ਤਾਂ ਫਿਰ ਐਕਟ ਖਾਰਜ ਕਿਉਂ ਨਹੀਂ ਕਰਦੇ

 
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿਸਾਨੀ ਸੰਘਰਸ਼ ਨੂੰ ਤੋੜਨ ਲਈ ਉਹ ਕੋਈ ਵੀ ਲਾਪਰਵਾਹੀ ਵਾਲਾ ਜਾਂ ਦਮਨਕਾਰੀ ਕਦਮ ਨਾ ਚੁੱਕੇ ਜਿਸ ਨਾਲ ਕਿਸਾਨਾਂ ਦੇ ਮਨਾਂ ਵਿਚ ਭਾਵੁਕ ਸੱਟਾਂ ਡੂੰਘੀਆਂ ਹੋਣ ਅਤੇ ਦੇਸ਼ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਮਜ਼ੋਰ ਹੋਵੇ। ਕਾਂਗਰਸ ਦੀਆਂ ਪਾੜੋ ਤੇ ਰਾਜ ਕਰੋ ਵਾਲੀਆਂ ਬਜ਼ਰ ਗਲੀਆਂ ਨਾ ਦੁਹਰਾਓ। ਇਹ ਗੱਲ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਹੀ। 
ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਦੱਸਿਆ ਕਿ ਅਕਾਲੀ ਦਲ ਪਾਰਟੀ ਦੇ ਸ਼ਤਾਬਦੀ ਸਥਾਪਨਾ ਦਿਵਸ ਨੂੰ ਸੰਘਰਸ਼ ਸਮਰਪਣ ਦਿਵਸ ਵਜੋਂ ਸਰਬੱਤ ਦੇ ਭਲੇ ਵਾਸਤੇ ਮਨਾਏ ਜਿਸ ਵਿਚ ਵਿਸ਼ੇਸ਼ ਧਿਆਨ ਕਿਸਾਨ ਹਿੱਤਾਂ ਅਤੇ ਉਹਨਾਂ ਲਈ ਨਿਆਂ 'ਤੇ ਰਹੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਵਿਚ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਹਰ ਕੀਮਤ 'ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੀ ਰਾਖੀ ਕਰੇਗਾ ਅਤੇ ਇਹਨਾਂ ਸਿਧਾਂਤਾਂ ਦੇ ਖਿਲਾਫ ਹਰ ਸਾਜ਼ਿਸ਼ ਨੁੰ ਮਾਤ ਪਾਵੇਗਾ। ਪਾਰਟੀ ਦਾ ਇਹ ਮੰਨਣਾ ਹੈ ਕਿ ਦੇਸ਼ ਸ਼ਾਂਤੀ, ਫਿਰਕੂ ਸਦਭਾਵਨਾ ਤੇ ਕੌਮੀ ਏਕਤਾ ਤੋਂ ਬਗੈਰ ਤਰੱਕੀ ਨਹੀਂ ਕਰ ਸਕਦਾ। 
 
 
ਬੈਂਸ ਨੇ ਕਿਹਾ ਕਿ ਮੰਦੇ ਭਾਗਾਂ ਨੁੰ ਕੁਝ ਲੋਕ ਇਸ ਸ਼ਾਂਤੀ ਤੇ ਸਦਭਾਵਨਾ ਤੋਂ ਖੁਸ਼ ਨਹੀਂ ਹਨ। ਸਰਕਾਰ ਨੂੰ ਦੇਸ਼ ਦੇ ਅੰਨਦਾਤਾ ਦੇ ਖਿਲਾਫ ਅੜੀਅਲ ਸਟੈਂਡ ਨਾ ਲੈਣ ਲਈ ਆਖਦਿਆਂ ਅਕਾਲੀ ਦਲ ਦੇ ਮਤੇ ਵਿਚ ਕਿਹਾ ਗਿਆ ਕਿ ਜੇਕਰ ਸਰਕਾਰ ਪੁਰਾਣੇ ਐਕਟਾਂ ਦੀ ਹਰ ਧਾਰਾ ਬਦਲਣ ਲਈ ਤਿਆਰ ਹੈ ਤਾਂ ਫਿਰ ਉਹ ਇਹਨਾਂ ਸਾਰਿਆਂ ਨੂੰ ਖਾਰਜ ਕਰਨ ਵਾਸਤੇ ਤਿਆਰ ਕਿਉਂ ਨਹੀਂ ਹੈ ਜਦੋਂ ਕਿ ਤੁਸੀਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹੋ ਤਾਂ ਫਿਰ ਸਾਰੀਆਂ ਮੰਗਾਂ ਨਵੇਂ ਐਕਟ ਵਿਚ ਸ਼ਾਮਲ ਕਰ ਕੇ ਇਹ ਬਹਿਸ ਹਮੇਸ਼ਾ ਲਈ ਖਤਮ ਕਿਉਂ ਨਹੀਂ ਕਰਦੇ ? ਪਾਰਟੀ ਨੇ ਦੇਸ਼ ਭਗਤ ਕਿਸਾਨਾਂ ਦੇ ਅੰਦਲਨ ਨੂੰ ਫਿਰਕੂ ਤੇ ਵੱਖਵਾਦੀ ਰੰਗਾਂ ਵਿਚ ਰੰਗਣ ਦੀ ਸਾਜ਼ਿਸ਼ ਦੀ ਜ਼ੋਰਦਾਰ ਨਿਖੇਧੀ ਕੀਤੀ। 
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਡਾ. ਉਪਿੰਦਰਜੀਤ ਕੌਰ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ, ਅਵਤਾਰ ਸਿੰਘ ਹਿੱਤ ਅਤੇ ਬਲਦੇਵ ਸਿੰਘ ਮਾਨ ਨੇ ਵੀ ਸ਼ਮੂਲੀਅਤ ਕੀਤੀ।
 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe