ਨਵੀਂ ਦਿੱਲੀ : ਆਲਮੀ ਪੱਧਰ ਤੇ ਫੈਲੀ ਕੋਰੋਨਾ ਵਾਇਰਸ ਨਾਮਕ ਨਾਮੁਰਾਦ ਬਿਮਾਰੀ ਨੇ ਹਰ ਵਰਗ ਉਤੇ ਆਪਣਾ ਅਸਰ ਪਾਇਆ ਸੀ ਤੇ ਮਜ਼ਦੂਰ ਤਬਕਾ ਸਭ ਤੋਂ ਵੱਢ ਇਸ ਦੀ ਮਾਰ ਹੇਠ ਆਇਆ ਸੀ। ਉਸ ਵਕਤ ਸਰਕਰ ਨੇ ਤਾਂ ਜੋ ਕੀਤਾ ਸੋ ਕੀਤਾ ਪਰ ਸੋਨੂੰ ਸੂਦ ਨੇ ਅੱਗੇ ਆ ਕੇ ਮਜ਼ਦੂਰਾਂ ਦੀ ਬਾਹ ਫੜੀ ਅਤੇ ਰੱਜ ਕੇ ਉਨ੍ਹਾਂ ਦੀ ਮਦਦ ਕੀਤੀ। ਹੁਣ ਇਕ ਸਰਵੇ ਵਿੱਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਦੱਖਣੀ ਏਸ਼ੀਆ ਹਸਤੀ ਦੀ ਸੂਚੀ 'ਚ ਪਹਿਲਾਂ ਸਥਾਨ ਹਾਸਲ ਹੋਇਆ ਹੈ। ਇਸ ਸਬੰਧ 'ਚ ਪਹਿਲੀ ਅਤੇ ਇਕ ਅਨੋਖੀ ਰੈਂਕਿੰਗ ਬੁੱਧਵਾਰ ਨੂੰ ਲੰਡਨ 'ਚ ਜਾਰੀ ਕੀਤੀ ਗਈ। ਬ੍ਰਿਟੇਨ ਦੇ ਅਖਬਾਰ 'ਈਸਟਰਨ ਆਈ' ਵੱਲੋਂ ਪ੍ਰਕਾਸ਼ਿਤ 'ਵਿਸ਼ਵ 'ਚ 50 ਏਸ਼ੀਆਈ ਹਸਤੀਆਂ' ਦੀ ਸੂਚੀ 'ਚ ਚੋਟੀ ਦਾ ਸਥਾਨ ਹਾਸਲ ਕਰਨ ਲਈ 47 ਸਾਲ ਦੇ ਬਾਲੀਵੁੱਡ ਅਦਾਕਾਰ ਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ।
ਦੱਸ ਦਈਏ ਕਿ ਇਸ ਸੂਚੀ ਨਾਲ ਉਨ੍ਹਾਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਆਪਣੇ ਕੰਮ ਨਾਲ ਸਮਾਜ 'ਚ ਹਾਂ-ਪੱਖੀ ਛਾਪ ਛੱਡੀ ਹੈ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਸੋਨੂੰ ਸੂਦ ਨੇ ਕਿਹਾ ਕਿ ਮੈਨੂੰ ਅਹਿਸਾਸ ਹੋਇਆ ਕਿ ਆਪਣੇ ਦੇਸ਼ ਦੇ ਲੋਕਾਂ ਦੀ ਸਹਾਇਤਾ ਕਰਨਾ ਮੇਰਾ ਫ਼ਰਜ਼ ਹੈ ਇਸੇ ਲਈ ਮੈ ਇਹ ਸੱਭ ਆਪਣੇ ਸਾਥੀਆਂ ਦੀ ਮਦਦ ਨਾਲ ਕੀਤਾ। ਇਹ ਸੂਚੀ 'ਈਸਟਰਨ ਆਈ' ਦੇ ਸੰਪਾਦਕ ਅਸਜ਼ਦ ਨਜ਼ੀਰ ਨੇ ਤਿਆਰ ਕੀਤੀ। ਉਨ੍ਹਾਂ ਨੇ ਕਿਹਾ ਕਿ ਤਾਲਾਬੰਦੀ ਦੇ ਸਮੇਂ ਦੂਜਿਆਂ ਦੀ ਸਹਾਇਤਾ ਕਰਨ ਲਈ ਕਿਸੇ ਹੋਰ ਹਸਤੀ ਨੇ ਇੰਨਾ ਵੱਡਾ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਜੋ ਸੋਨੂੰ ਸੂਦ ਨੇ ਕੀਤਾ ਉਹ ਬਾਹੁਤ ਸ਼ਲਾਘਾਯੋਗ ਹੈ ਇਸੇ ਲਈ ਉਹ ਇਸ ਸਨਮਾਨ ਦੇ ਹੱਕਦਾਰ ਹਨ।