ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਰੱਖਿਆ ਮੰਤਰੀ ਦੇ ਤੌਰ 'ਤੇ ਰਿਟਾਇਰਡ ਫ਼ੌਜੀ ਜਨਰਲ ਲੌਇਡਆਸਿਟਨ ਦੀ ਚੋਣ ਕੀਤੀ ਹੈ। ਉਨ੍ਹਾਂ ਵੀਡੀਓ ਜਾਰੀ ਕਰਦਿਆਂ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਮੈਨੂੰ ਤੁਹਾਨੂੰ ਦੱਸਣ 'ਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਲੌਇਡ ਆਸਿਟਨ ਹੁਣ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣਗੇ। ਉਹ ਰੱਖਿਆ ਮੰਤਰਾਲੇ ਦੀ ਅਗਵਾਈ ਕਰਨ ਵਾਲੇ ਅਫਰੀਕੀ ਮੂਲ ਦੇ ਪਹਿਲੇ ਅਮਰੀਕੀ ਹੋਣਗੇ। ਆਸਿਟਨ ਸੰਕਟ ਸਮੇਂ ਹਮੇਸ਼ਾਂ ਬਾਇਡਨ ਦੇ ਨਾਲ ਖੜ੍ਹੇ ਰਹੇ ਹਨ। ਜਦੋਂ ਬਾਇਡਨ ਉਪ-ਰਾਸ਼ਟਰਪਤੀ ਸਨ ਉਸ ਵੇਲੇ ਦੋਵਾਂ ਨੇ ਇਕੱਠੇ ਕੰਮ ਕੀਤਾ ਸੀ। ਇਸ ਤੋਂ ਪਹਿਲਾਂ ਆਸਿਟਨ ਇਰਾਕ 'ਚ ਅੰਤਿਮ ਕਮਾਂਡਿੰਗ ਅਮਰੀਕੀ ਜਨਰਲ ਸਨ। ਬਾਇਡਨ ਦੇ ਮਨ 'ਚ ਵੀ ਆਸਿਟਨ ਲਈ ਕਾਫੀ ਸਨਮਾਨ ਹੈ। ਇਸ ਗੱਲ ਦਾ ਜ਼ਿਕਰ ਉਨ੍ਹਾਂ ਆਪਣੇ ਭਾਸ਼ਣ 'ਚ ਵੀ ਕੀਤਾ ਹੈ।
ਜੰਗ ਦੇ ਮੈਦਾਨ 'ਚ ਆਸਿਟਨ ਨੇ ਕੀਤੀ ਸੀ ਅਗਵਾਈ
67 ਸਾਲ ਦੇ ਲੌਇਡ ਆਸਿਟਨ ਸਾਲ 2016 'ਚ ਆਪਣੇ ਅਹੁਦੇ ਤੋਂ ਰਿਟਾਇਰ ਹੋਏ ਸਨ। ਇਸ ਦੌਰਾਨ ਫੌਜ ਦੀ ਇਕ ਡਿਵੀਜ਼ਨ ਦਾ ਜੰਗ ਦੇ ਮੈਦਾਨ 'ਚ ਅਗਵਾਈ ਕੀਤੀ ਸੀ। ਰੱਖਿਆ ਮੰਤਰੀ ਅਹੁਦੇ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਾਬਕਾ ਸਹਿਯੋਹਗੀ ਮਾਇਕਲ ਫਲੋਰਿਨੀ ਤੇ ਜੇਹ ਜੌਨਸਨ ਵੀ ਇਸ ਦੌੜ 'ਚ ਸਨ। ਹਾਲਾਂਕਿ ਬਾਅਦ 'ਚ ਉਹ ਪਿੱਛੇ ਹਟ ਗਏ ਸਨ।