Friday, November 22, 2024
 

ਸਿਆਸੀ

ਕੈਪਟਨ ਦਾ ਕੇਜਰੀਵਾਲ ਨੂੰ ਸਵਾਲ, ਤੁਹਾਨੂੰ ਕਣਕ 'ਤੇ ਝੋਨੇ 'ਚ ਫਰਕ ਪਤੈ ?

December 08, 2020 09:21 AM

ਕਿਹਾ, ਡਰਾਮੇਬਾਜ਼ੀ ਨਾਲ 'ਆਪ' ਕਿਸਾਨਾਂ ਦਾ ਦਿਲ ਨਹੀਂ ਜਿੱਤ ਸਕਦੀ 

 
ਚੰਡੀਗੜ੍ਹ :  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਖ਼ੁਦ ਨੂੰ ਕਿਸਾਨਾਂ ਦਾ ਸੇਵਾਦਾਰ ਕਹੇ ਜਾਣ ਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਕੀਤਾ ਕਿ ਕੀ ਉਨ੍ਹਾਂ ਨੂੰ ਕਣਕ 'ਤੇ ਝੋਨੇ ਵਿਚਲਾ ਫਰਕ ਵੀ ਪਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਅਜਿਹਾ ਵਿਅਕਤੀ ਜਿਸ ਨੇ ਬਿਨਾਂ ਦੇਰੀ ਕੀਤਿਆਂ ਤਿੰਨੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿੱਚੋਂ ਇਕ ਨੂੰ ਨੋਟੀਫਾਈ ਕਰ ਦਿੱਤਾ ਹੋਵੇ ਅਤੇ ਜਨਤਕ ਤੌਰ ਉਤੇ ਖ਼ੁਦ ਨੂੰ ਇਸ ਮਾਮਲੇ ਵਿੱਚ ਮਜਬੂਰ ਕਰਾਰ ਦਿੱਤਾ ਹੋਵੇ, ਉਸ ਵੱਲੋਂ ਕਿਸਾਨਾਂ ਦੇ ਸੇਵਾਦਾਰ ਹੋਣ ਦਾ ਦਾਅਵਾ ਕੀਤਾ ਜਾਣਾ ਬੇਹੱਦ ਹਾਸੋਹੀਣਾ ਲਗਦਾ ਹੈ। 
 
 
ਮੁੱਖ ਮੰਤਰੀ ਨੇ ਇਹ ਵਿਚਾਰ 'ਆਪ' ਆਗੂ ਵੱਲੋਂ ਸਿੰਘੂ ਬਾਰਡਰ ਉਤੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕੀਤੇ ਜਾਣ ਦੇ ਤਾਜ਼ਾ ਢਕਵੰਜ ਦੀ ਆਲੋਚਨਾ ਕਰਦੇ ਹੋਏ ਪ੍ਰਗਟ ਕੀਤੇ। ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਚੁਣੌਤੀ ਦਿੰਦੇ ਹੋਏ ਦਿੱਲੀ ਵਿੱਚ ਉਸ ਦੀ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਚੁੱਕੇ ਗਏ ਇਕ ਵੀ ਕਦਮ ਦੀ ਮਿਸਾਲ ਦੇਣ ਲਈ ਕਿਹਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਤੁਸੀਂ ਇਸ ਮੁੱਦੇ ਉਤੇ ਦਿੱਲੀ ਵਿਧਾਨ ਸਭਾ ਦਾ ਇਜਲਾਸ ਸੱਦਣ ਦੀ ਵੀ ਲੋੜ ਨਹੀਂ ਸਮਝੀ। 
 
 
ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਉਤੇ ਤਿੱਖੇ ਹਮਲੇ ਕੀਤੇ ਅਤੇ ਉਸ ਨੂੰ ਇਕ ਅਜਿਹਾ ਵਿਅਕਤੀ ਦੱਸਿਆ, ਜੋ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕਿਸੇ ਵੀ ਪੱਧਰ ਤੱਕ ਜਾ ਸਕਦਾ ਹੈ। ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਜੇਕਰ ਕੇਜਰੀਵਾਲ ਦੀ ਨਜ਼ਰ ਵਿੱਚ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ ਤਾਂ ਉਸ ਨੇ ਦਿੱਲੀ ਵਿੱਚ ਸੂਬਾਈ ਸੋਧ ਕਾਨੂੰਨ ਕਿਉਂ ਨਹੀਂ ਪਾਸ ਕਰਵਾਏ, ਜਿਵੇਂ ਕਿ ਪੰਜਾਬ ਤੇ ਹੋਰ ਸੂਬਿਆਂ ਨੇ ਕੀਤਾ ਸੀ ਤਾਂ ਜੋ ਕੇਂਦਰੀ ਕਾਨੂੰਨਾਂ ਦੇ ਮਾੜੇ ਪ੍ਰਭਾਵਾਂ ਦਾ ਅਸਰ ਖ਼ਤਮ ਕੀਤਾ ਜਾ ਸਕੇ। 
 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe